Sunday, June 5, 2011

ਖਾਲਸਾ ਕਾਲਜ ਦਾ ਮਸਲਾ

ਖਾਲਸਾ ਕਾਲਜ ਦਾ ਮਸਲਾ ਸੁਲਝਦਾ-ਸੁਲਝਦਾ  ਰਹਿ ਹੀ ਨਹੀਂ ਗਿਆ ਸਗੋਂ ਉਲਝਦਾ-ਉਲਝਦਾ ਹੋਰ ਉਲਝ ਰਿਹਾ ਹੈ। ਆਪਸੀ ਸਮਝੌਤਾ ਸਿਰੇ ਲੱਗਦਾ-ਲੱਗਦਾ ਵਿਚਾਲੇ ਹੀ ਟੁੱਟ ਗਿਆ ਹੈ। ਨੌਬਤ ਇਥੋਂ ਤੱਕ ਆ ਗਈ ਹੈ ਕਿ ਪਹਿਲਾਂ ਜਿਥੇ ਪ੍ਰੋਫ਼ੈਸਰਾਂ ਨੂੰ ਹੀ ਅਨੁਸ਼ਾਸਨੀ ਕਾਰਵਾਈ ਦੇ ਬਹਾਨੇ ਸਖ਼ਤੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਥੇ ਹੁਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣੇ ਹੀ ਉਨ੍ਹਾਂ ਮੈਂਬਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ, ਜੋ ਪ੍ਰਾਈਵੇਟ ਖ਼ਾਲਸਾ ਯੂਨੀਵਰਸਿਟੀ ਦਾ ਵਿਰੋਧ ਕਰਦੇ ਹਨ। ਸਿੱਟੇ ਵਜੋਂ ਭਾਗ ਸਿੰਘ ਅਣਖੀ ਅਤੇ ਮਨਜੀਤ ਸਿੰਘ ਕਲੱਕਤਾ ਨੂੰ ਪ੍ਰਬੰਧਕੀ ਐਗ਼ਜ਼ੈਕਟਿਵ ਕਮੇਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਕੜਕਦੀ ਗਰਮੀ ਦੇ ਮੌਸਮ ਵਿੱਚ ਵੀ ਕਾਲਜ ਅਧਿਆਪਕਾਂ ਨੂੰ ਭੁੱਖ ਹੜਤਾਲ ‘ਤੇ ਜਾਣਾ ਪੈ ਰਿਹਾ ਹੈ। ਸਮੁੱਚੇ ਪੰਜਾਬ ਦੇ ਕਾਲਜਾਂ ਵਿੱਚੋਂ ਰੋਜ਼ਾਨਾ ਪੰਜ ਪ੍ਰੋਫ਼ੈਸਰ ਖ਼ਾਲਸਾ ਕਾਲਜ ਤੋਂ ਪੰਜ ਸੌ ਮੀਟਰ ਦੀ ਦੂਰੀ ‘ਤੇ ਜੀ. ਟੀ. ਰੋਡ ਕਿਨਾਰੇ ਲੜੀਵਾਰ ਭੁੱਖ ਹੜਤਾਲ ‘ਤੇ ਬੈਠਦੇ ਹਨ। ਹਰ ਵਰਗ ਦੇ  ਖ਼ਾਲਸਾ ਕਾਲਜ ਹਿਤੈਸ਼ੀ ਲੋਕ, ਵੱਖ-ਵੱਖ ਸੰਸਥਾਵਾਂ ਦੇ ਪ੍ਰਤਿਨਿਧੀ, ਸਿਆਸੀ ਲੀਡਰ, ਜਥੇਬੰਦੀਆਂ ਦੇ ਆਗੂ, ਸੇਵਾ-ਮੁਕਤ ਪ੍ਰੋਫ਼ੈਸਰ, ਪ੍ਰਿੰਸੀਪਲ ਇਥੋਂ ਤੱਕ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਕੁਝ ਅਹੁਦੇਦਾਰ ਮੈਂਬਰ ਵੀ ਇਸ ਸੰਘਰਸ਼ ਦੇ ਸਮਰਥਨ ਵਿੱਚ ਆ ਕੇ ਭੁੱਖ ਹੜਤਾਲ ‘ਤੇ ਬੈਠਣ ਵਾਲੇ ਅਧਿਆਪਕਾਂ ਨੂੰ ਥਾਪੜਾ ਦੇ ਕੇ ਹੌਸਲਾ ਵਧਾਉਂਦੇ ਰਹਿੰਦੇ ਹਨ।
ਇਸ ਸਮੇਂ ਆਪਸੀ ਸਮਝੌਤਾ ਨਾ ਹੋ ਸਕਣ ਦੀ ਮੁੱਖ ਵਜ੍ਹਾ ਪ੍ਰੰਬਧਕੀ ਕਮੇਟੀ ਵਲੋਂ ਸੁਝਾਈ ਗਈ ਖ਼ਾਲਸਾ ਕਾਲਜ ਦੇ ਅੱਧਿਓਂ ਵੱਧ ਕੋਰਸ ਬੰਦ ਕਰਨ ਦੀ ਬੇਤੁਕੀ ਤਜਵੀਜ਼ ਨਾਲ ਅਧਿਆਪਕਾਂ ਵਲੋਂ ਅਸਹਿਮਤੀ ਪ੍ਰਗਟ ਕਰਨਾ ਦੱਸਿਆ ਗਿਆ ਹੈ। ਸ਼ੰਕਾ ਹੈ ਕਿ ਇਨ੍ਹਾਂ ਕੋਰਸਾਂ ਨੂੰ ਬੰਦ ਕਰਕੇ ਪ੍ਰਸਤਾਵਿਤ ਯੂਨੀਵਰਸਿਟੀ ਵਿੱਚ ਲਿਜਾਣ ਲਈ ਪ੍ਰਬੰਧਕੀ ਕਮੇਟੀ ਬਜ਼ਿਦ ਹੈ। ਵਿਦੇਸ਼ ਦੀ ਸਿੱਖ-ਸੰਗਤ ਪੁਰਾਣੇ ਵਿਦਿਆਰਥੀਆਂ, ਪ੍ਰੋਫ਼ੈਸਰਾਂ, ਜ਼ਮੀਨ ਦਾਨ ਕਰਨ ਵਾਲੇ ਤੇ ਟੈਕਸ ਅਦਾ ਕਰਕੇ ਕਾਲਜ ਬਣਾਉਣ ਵਾਲੇ ਸਮੁੱਚੇ ਪੰਜਾਬੀਆਂ, ਪੰਜਾਬ ਮੰਤਰੀ ਮੰਡਲ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਵਿਰੋਧ ਕਾਰਨ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਪੂਰਨ ਤੌਰ ‘ਤੇ ਬੰਦ ਕਰਨ ਦੇ ਮਨਸੂਬੇ ਅਧੂਰੇ ਰਹਿਣ ਉਪਰੰਤ ਪ੍ਰਬੰਧਕੀ ਕਮੇਟੀ ਇੱਕ ਹੋਰ ਸਾਜ਼ਿਸ਼ੀ ਚਾਲ ਅਧੀਨ  ਨਵੀਂ ਯੋਜਨਾ ਤਿਆਰ ਕਰ ਰਹੀ ਲੱਗਦੀ ਹੈ, ਜਿਸ ਦੇ ਤਹਿਤ ਇਹ ਕਾਲਜ ਦੇ ਕਿਸੇ ਇੱਕ ਵਿੰਗ ਵਿੱਚ ਪ੍ਰਸਤਾਵਿਤ ਯੂਨੀਵਰਸਿਟੀ ਦੇ ਅਧੀਨ ਖ਼ਾਲਸਾ ਕਾਲਜ ਦੇ ਬੰਦ ਕੀਤੇ ਜਾਣ ਵਾਲੇ ਕੋਰਸ ਚਲਾਉਣ ਦਾ ਮਨ ਬਣਾ ਰਹੀ ਹੈ। ਮਹੱਤਵਪੂਰਨ ਕੋਰਸਾਂ ਨੂੰ ਬੰਦ ਕਰਨ ਦੀ ਤਜਵੀਜ਼ ਜੇ ਸਿਰੇ ਚਾੜ੍ਹ ਲਈ ਜਾਂਦੀ ਹੈ ਤਾਂ ਖ਼ਾਲਸਾ ਕਾਲਜ ਦੇ ਰੁਤਬੇ ਨੂੰ ਇੱਕ ਅਜਿਹਾ ਖੋਰਾ ਲਗ ਜਾਵੇਗਾ ਕਿ ਇਸ ਦੀ ਹਾਲਤ ਹੌਲੀ-ਹੌਲੀ ਡਾਵਾਂ-ਡੋਲ ਹੋ ਜਾਵੇਗੀ। ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਪ੍ਰਬੰਧਕੀ ਕਮੇਟੀ ਵਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਗਏ। ਇੱਕ ਪੰਜ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਵਿੱਚ ਸ੍ਰੀ ਹਰਮਿੰਦਰ ਸਿੰਘ,  ਅਜਮੇਰ ਸਿੰਘ ਹੇਰ,  ਮਨਜੀਤ ਸਿੰਘ ਤਰਨ ਤਾਰਨੀ,  ਸੁਖਦੇਵ ਸਿੰਘ ਅਬਦਾਲ ਅਤੇ  ਗੁਨਬੀਰ ਸਿੰਘ ਸ਼ਾਮਲ ਹਨ। ਕਮੇਟੀ ਵਲੋਂ ਪ੍ਰੋਫ਼ੈਸਰ ਸਾਹਿਬਾਨ ਨੂੰ ਰਜ਼ਾਮੰਦ ਕਰਨ ਲਈ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਤਿੰਨ ਚਾਰ ਮੀਟਿੰਗਾਂ ਵੀ ਕੀਤੀਆਂ ਤੇ ਲਗਪਗ ਸਾਰੇ ਪੱਖਾਂ ‘ਤੇ ਸਮਝੌਤਾ ਹੋਣਾ ਤੈਅ ਹੋ ਗਿਆ। ਇਸ ਸਮਝੌਤੇ ਵਿੱਚ ਕਾਲਜ ਦੀ ਮੌਜੂਦਾ ਹੋਂਦ ਨੂੰ ਇੰਨ-ਬਿੰਨ ਰੱਖਣ, ਸਾਰੇ ਕੇਸ ਵਾਪਸ ਲੈਣ ਅਤੇ ਸੰਘਰਸ਼ ਖਤਮ ਕਰਨ ‘ਤੇ ਸਹਿਮਤੀ ਹੋ ਗਈ ਪਰ ਦੂਜੇ ਪਾਸੇ ਪ੍ਰਬੰਧਕੀ ਕਮੇਟੀ ਕੁਝ ਕੋਰਸਾਂ ਨੂੰ ਬੰਦ ਕਰਨ ਲਈ ਬਜ਼ਿੱਦ ਨਜ਼ਰ ਆਈ ਅਤੇ ਪ੍ਰੋਫ਼ੈਸਰ ਕਾਲਜ ਨੂੰ ਇੰਨ-ਬਿੰਨ ਰੱਖਣ ਦੀ ਆਪਣੀ ਮੰਗ ‘ਤੇ ਕਾਇਮ ਰਹੇ। ਸਮਝੌਤਾ ਨੇਪਰੇ ਨਾ ਚੜ੍ਹ ਸਕਿਆ। ਆਪਸੀ ਗੱਲਬਾਤ ਟੁੱਟ ਗਈ। ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਨੇ ਪਹਿਲਾਂ ਸਾਰੀਆਂ ਯੂਨੀਵਰਸਿਟੀਆਂ ਦੇ ਪੇਪਰਾਂ ਦੇ ਮੁਲਾਂਕਣ ਦਾ ਬਾਈਕਾਟ ਕੀਤਾ ਅਤੇ ਫਿਰ ਵਿਦਿਆਰਥੀਆਂ ਦੇ ਹਿਤਾਂ ਨੂੰ ਸਾਹਮਣੇ ਰੱਖ ਕੇ ਇਸ ਫੈਸਲੇ ਨੂੰ ਵਾਪਸ ਲੈ ਲਿਆ। ਇਹ ਫੈਸਲਾ ਸਿਆਣਪ ਵਾਲਾ ਸੀ। ਜੇ ਇਹ ਬਾਈਕਾਟ ਜਾਰੀ ਰਹਿੰਦਾ ਤਾਂ ਪੰਜਾਬ ਦੇ ਸਾਢੇ ਤਿੰਨ ਲੱਖ ਵਿਦਿਆਰਥੀਆਂ ਦਾ ਨਤੀਜੇ ਸਮੇਂ ਸਿਰ ਘੋਸ਼ਿਤ ਨਹੀਂ ਸੀ ਹੋ ਸਕਣੇ ਅਤੇ ਉਨ੍ਹਾਂ ਦਾ ਕਈ ਤਰ੍ਹਾਂ ਦਾ ਨੁਕਸਾਨ ਹੋਣ ਦਾ ਡਰ ਸੀ। ਟੀਚਰਜ਼ ਯੂਨੀਅਨ ਆਪਣੇ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਆਪਣੀਆਂ ਡਿਊਟੀਆਂ ਪੂਰੀਆਂ ਨਿਭਾਉਂਦੇ ਹੋਏ ਧਰਨੇ ਪ੍ਰਦਰਸ਼ਨ ਕਰ ਰਹੀ ਹੈ। ਸ਼ਾਇਦ ਇਸੇ ਕਰਕੇ ਲੋਕ-ਹਮਦਰਦੀ ਉਨ੍ਹਾਂ ਦੇ ਨਾਲ ਹੈ। ਪੰਜਾਬ ਤੇ ਚੰਡੀਗੜ੍ਹ ਟੀਚਰਜ਼ ਯੂਨੀਅਨ ਦਾ ਲੜੀਵਾਰ ਭੁੱਖ ਹੜਤਾਲ ਕਰਨ ਦਾ ਨਵਾਂ ਫੈਸਲਾ ਵੀ ਵੱਡੀ ਸੋਚ- ਸਮਝ ਦਾ ਨਤੀਜਾ ਹੈ, ਜੋ ਭਵਿੱਖ ਵਿੱਚ ਕਾਲਜ ਦੇ ਪ੍ਰਿੰਸੀਪਲ ਤੇ ਪ੍ਰਬੰਧਕੀ ਕਮੇਟੀ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਭੁੱਖ ਹੜਤਾਲ ਵਿੱਚ ਪ੍ਰਬੰਧਕੀ ਕਮੇਟੀ ਦੇ ਕਈ ਨਾਮਵਰ ਮੈਬਰਾਂ ਸਮੇਤ ਕਈ ਕਾਲਜ ਹਿਤੈਸ਼ੀ ਸ਼ਾਮਲ ਹੋ ਸਕਦੇ ਹਨ ਅਤੇ ਜੇ ਫਿਰ ਵੀ ਮਸਲਾ ਨਾ ਹੱਲ ਹੋਇਆ ਤਾਂ ਇਹ ਭੁੱਖ ਹੜਤਾਲ ਮਰਨ ਵਰਤ ਵਿੱਚ ਵੀ ਤਬਦੀਲ ਹੋ ਸਕਦੀ ਹੈ। ਇਹ ਵੀ ਖ਼ਬਰ ਹੈ ਕਿ ਇਹ ਮਰਨ ਵਰਤ ਪੀ.ਸੀ.ਟੀ.ਯੂ. ਵੱਲੋਂ ਕਾਲਜਾਂ ਵਿੱਚ ਹੋ ਰਹੀਆਂ ਛੁੱਟੀਆਂ ਤੋਂ ਆਰੰਭ ਕਰਨ ਦਾ ਵਿੱਚਾਰ ਹੈ ਤਾਂ ਜੋ ਅਧਿਆਪਕਾਂ ਨੂੰ ਡਿਊਟੀਆਂ ਦਾ ਕੋਈ ਅੜਿਕਾ ਨਾ ਰਹੇ। ਇਉਂ ਇਸ ਨਵੀਂ ਰਣਨੀਤੀ ਨਾਲ ਖ਼ਾਲਸਾ ਕਾਲਜ ਦਾ ਵਿਵਾਦ ਹੋਰ ਡੂੰਘਾ ਹੋ ਸਕਦਾ ਹੈ। ਅੱਗੇ ਹੀ ਖ਼ਾਲਸਾ ਕਾਲਜ ਦੇ ਇਸ ਵਿਵਾਦ ਨਾਲ ਸੱਤਾ ਧਿਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇਸ ਨੁਕਸਾਨ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਿਆਣਪ ਤੇ ਮਾਝੇ ਦੇ ਮੰਤਰੀਆਂ ਨੇ ਅੱਗੋਂ ਕੁਝ ਚਿਰ ਲਈ ਰੋਕ ਲਿਆ ਹੈ ਪਰ ਜੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਆਪਣੀ ਜ਼ਿੱਦ ‘ਤੇ ਅੜੇ ਰਹੇ ਤਾਂ ਖ਼ਾਲਸਾ ਕਾਲਜ ਸਬੰਧੀ ਫਿਰ ਵੱਡਾ ਵਿਵਾਦ ਖੜ੍ਹਾ ਹੋਣ ਜਾ ਰਿਹਾ ਹੈ, ਜਿਸ ਨਾਲ ਸੱਤਾਧਾਰੀ ਧਿਰ ਨੂੰ ਬਹੁਤ ਨੁਕਸਾਨ ਹੋਵੇਗਾ। ਖ਼ਾਲਸਾ ਕਾਲਜ ਨਾਲ ਛੇੜ-ਛਾੜ ਕਰਕੇ ਆਪ ਹੀ  ਵੱਡਾ ਮੁੱਦਾ ਵਿਰੋਧੀ ਧਿਰ ਨੂੰ ਥਾਲੀ ਵਿੱਚ ਪਰੋਸ ਕੇ ਦਿੱਤੇ ਜਾਣ ਦੇ ਬਰਾਬਰ ਹੋਵੇਗਾ ਤੇ ਇਹ ਨੁਕਸਾਨ ਇੱਕੱਲਾ ਮਾਝੇ ਵਿੱਚ ਹੀ ਨਹੀਂ ਝੱਲਣਾ ਪਏਗਾ ਸਗੋਂ ਪੂਰੇ ਪੰਜਾਬ ਵਿੱਚ ਇਸ ਦਾ ਅਸਰ ਹੋਵੇਗਾ। ਮਜੀਠਾ ਹਲਕੇ ਦਾ ਪ੍ਰਬੰਧਕੀ ਕਮੇਟੀ ਨਾਲ ਜੁੜੇ ਹੋਣ ਕਰਕੇ ਸਭ ਤੋਂ ਵੱਧ ਨੁਕਸਾਨ ਇਸ ਹਲਕੇ ਵਿੱਚ ਵੇਖਣ ਨੂੰ ਮਿਲੇਗਾ। ਖ਼ਾਲਸਾ ਕਾਲਜ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਇਸੇ ਕਰਕੇ ਸੱਤਾ ਧਿਰ ਨਾਲ ਸਬੰਧਤ ਵੱਖ-ਵੱਖ ਸਿੱਖ ਫੈਡਰੇਸ਼ਨਾਂ, ਸ਼੍ਰੋਮਣੀ ਕਮੇਟੀ ਮੈਂਬਰ, ਮੰਤਰੀ ਸਾਹਿਬਾਨ, ਅਧਿਆਪਕ ਯੂਨੀਅਨਾਂ, ਬੁੱਧੀਜੀਵੀ ਵਰਗ ਵੀ ਪ੍ਰਬੰਧਕੀ ਕਮੇਟੀ ਦੇ ਇਸ ਫੈਸਲੇ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਏ ਹਨ। ਇਸ ਲਈ ਖ਼ਾਲਸਾ ਕਾਲਜ ਨਾਲ ਰੱਤੀ ਭਰ ਛੇੜ-ਛਾੜ ਵੀ ਪ੍ਰਿੰਸੀਪਲ, ਪ੍ਰਬੰਧਕੀ ਕਮੇਟੀ ਤੇ ਸੱਤਾ ਧਿਰ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ।
ਇਸ ਤੋਂ ਪਹਿਲਾਂ ਹੀ ਖ਼ਾਲਸਾ ਕਾਲਜ ਵਿਵਾਦ ਦਾ ਹੱਲ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਕਾਲਜ ਅਧਿਆਪਕਾਂ ਅਤੇ ਪ੍ਰਿੰਸੀਪਲ ਵਿੱਚਕਾਰ ਸਮਝੌਤਾ ਕਰਵਾ ਦਿੱਤਾ ਸੀ। ਦੋਵਾਂ ਧਿਰਾਂ ਦੀ ਪੂਰਨ ਸਹਿਮਤੀ ਨਾਲ ਇੱਕ ਪ੍ਰੈਸ ਨੋਟ ਆਪ ਜਾਰੀ ਕੀਤਾ, ਜਿਸ ਵਿੱਚ ਕਿਹਾ ਸੀ ਕਿ ‘ਖ਼ਾਲਸਾ ਕਾਲਜ ਦੀ ਮੌਜੂਦਾ ਹੋਂਦ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇਗਾ। ਪ੍ਰਿੰਸੀਪਲ ਵਲੋਂ ਕਾਲਜ ਦੇ ਦਾਖਲੇ ਦਾ ਇਸ਼ਤਿਹਾਰ ਇੰਨ-ਬਿੰਨ 2010-2011 ਦੀ ਤਰਜ ‘ਤੇ ਅਗਲੇ ਹੀ ਦਿਨ ਅਖ਼ਬਾਰਾਂ ਵਿੱਚ ਦਿੱਤਾ ਜਾਵੇਗਾ ਅਤੇ ਕਾਲਜ ਅਧਿਆਪਕ ਆਪਣਾ ਸੰਘਰਸ਼ ਵਾਪਸ ਲੈ ਲੈਣਗੇ। ਇਸ ਤੋਂ ਛੁੱਟ ਕਾਲਜ ਅਧਿਆਪਕਾਂ ਉਪਰ ਕੀਤੇ ਕੇਸਾਂ ਸਬੰਧੀ ਡਿਪਟੀ ਕਮਿਸ਼ਨਰ ਸਾਹਿਬ ਨੇ ਆਪਣੀ ਪੱਧਰ ‘ਤੇ ਮਾਮਲਾ ਨਿਪਟਾਉਣ ਦਾ ਭਰੋਸਾ ਦਿੱਤਾ ਪ੍ਰੰਤੂ ਪ੍ਰਿੰਸੀਪਲ ਵਲੋਂ ਇਸ ਫੈਸਲੇ ਦੀ ਬੇਕਦਰੀ ਕਰਦਿਆਂ ਅਗਲੇ ਦਿਨ ਅਖ਼ਬਾਰਾਂ ਵਿੱਚ ਦਾਖਲੇ ਸਬੰਧੀ ਕੋਈ ਇਸ਼ਤਿਹਾਰ ਨਾ ਦਿਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਨੇ ਛੋਟੇ-ਛੋਟੇ ਗਰੁੱਪਾਂ ਵਿੱਚ ਬੁਲਾ ਕੇ ਅਧਿਆਪਕਾਂ ਦੀ ਮੀਟਿੰਗ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨਾਲ ਕਰਵਾਈ। ਅਜਿਹੀ ਇੱਕ ਮੀਟਿੰਗ ਵਿੱਚ ਪ੍ਰਧਾਨ ਨੇ ਕਾਲਜ ਨੂੰ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦਾ ਆਪਣੀ ਪੁਰਾਣੀ ਜ਼ਿਦ ਨੂੰ ਦੁਹਰਾਇਆ ਅਤੇ ਦਬਾਅ ਪਾਉਣ ਵਾਲਾ ਤਰੀਕਾ ਅਪਣਾਇਆ। ਸਿੱਟੇ ਵਜੋਂ ਅਧਿਆਪਕ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਏ। ਪ੍ਰਤੀਕਰਮ ਵਿੱਚ ਸੰਘਰਸ਼ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਵਿੱਚੋਂ ਤਿੰਨ ਅਧਿਆਪਕਾਂ ਨੂੰ ਮੁਅੱਤਲ ਕਰਕੇ ਜਿਥੇ ਕਾਲਜ ਅਧਿਆਪਕਾਂ ਨੂੰ ਡਰਾਉਣ ਦਾ ਰਾਹ ਅਪਨਾਇਆ ਉਥੇ ਡਿਪਟੀ ਕਮਿਸ਼ਨਰ ਵੱਲੋਂ ਕਰਵਾਏ ਗਏ ਸਮਝੌਤੇ ‘ਤੇ ਮਿੱਟੀ ਪਾ ਦਿਤੀ ਗਈ।
ਸ਼ੁਰੂ ਤੋਂ ਸਾਰੀ ਗੱਲ ਦੀ ਤਹਿ ਵਿੱਚ ਜਾਈਏ ਤਾਂ ਪਤਾ ਲੱਗਦਾ ਹੈ ਕਿ ਕਾਲਜ ਪ੍ਰਬੰਧਕਾਂ ਵਲੋਂ ਖ਼ਾਲਸਾ ਯੂਨੀਵਰਸਿਟੀ ਬਣਾਉਣ ਦੇ ਸੰਕਲਪ ਨੂੰ ਏਨਾ ਗੁਪਤ ਰੱਖਿਆ ਕਿ ਨਾ ਤਾਂ ਇਸ ਬਾਰੇ ਪ੍ਰਸਤਾਵਿਤ ਪ੍ਰੋਫੈਸਰ ਸਾਹਿਬਾਨ ਨੂੰ ਅਤੇ ਨਾ ਹੀ ਸਾਰੀ ਪ੍ਰਬੰਧਕੀ ਕਮੇਟੀ ਨੂੰ ਵਿਸ਼ਵਾਸ ਵਿੱਚ ਲਿਆ ਗਿਆ। ਪ੍ਰਬੰਧਕੀ ਕਮੇਟੀ ਦੇ ਚਾਂਸਲਰ ਸਾਹਿਬ ਦੇ ਬਿਆਨ ਵੀ ਇਸੇ ਭੇਦ ਵਲ ਇਸ਼ਾਰਾ ਕਰਦੇ ਹਨ। ਇਹੀ ਕਾਰਨ ਹੈ ਕਿ ਯੂਨੀਵਰਸਿਟੀ ਦੀ ਯੋਜਨਾ ਵਿੱਚੋਂ ਕੁਝ ਲੋਕਾਂ ਨੇ ਸਾਜ਼ਿਸ਼ੀ ਭਾਵਨਾ ਨੂੰ ਭਾਂਪ ਲਿਆ। ਅਧਿਆਪਕਾਂ ਵਲੋਂ ਪ੍ਰਿੰਸੀਪਲ ਨੂੰ ਸਾਰੀ ਸਥਿਤੀ ਸਪੱਸ਼ਟ ਕਰਨ ਲਈ ਕਹਿਣ ‘ਤੇ ਪ੍ਰਿੰਸੀਪਲ ਨੇ ਅਜਿਹੀ ਕਿਸੇ ਜਾਣਕਾਰੀ ਤੋਂ ਇਨਕਾਰ ਕਰ ਦਿੱਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲੋਂ ਕਾਲਜ ਦਾ ਸਬੰਧ ਤੋੜਨ ਲਈ ਕੋਈ ਅਰਜ਼ੀ ਦਿੱਤੀ ਗਈ ਹੈ।  ਅਗਲੇ ਹੀ ਦਿਨ ਜਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਨੋ-ਐਬਜਕਸ਼ਨ ਸਰਟੀਫਿਕੇਟ’ ਮਿਲਣ ਦੀ ਖ਼ਬਰ ਅਖ਼ਬਾਰ ਵਿੱਚ ਆ ਗਈ ਤਾਂ ਪ੍ਰੋਫੈਸਰ ਲੋਕ ਭੜਕ ਉੱਠੇ ਅਤੇ ਉਨ੍ਹਾਂ ਖ਼ਾਲਸਾ ਕਾਲਜ ਦੇ ਵਿਰਾਸਤੀ ਰੂਪ ਵਿੱਚ ਬਚਾਉਣ ਲਈ ਸੰਘਰਸ਼ ਆਰੰਭ ਕਰ ਦਿੱਤਾ। ਸਮੁੱਚਾ ਬੁੱਧੀਜੀਵੀ ਵਰਗ, ਸਿੱਖ ਵਿਦਵਾਨ, ਸਾਬਕਾ ਵਾਈਸ ਚਾਂਸਲਰ, ਪ੍ਰਿੰਸੀਪਲ ਤੇ ਖ਼ਾਲਸਾ ਕਾਲਜ ਨਾਲ ਪਿਆਰ ਕਰਨ ਵਾਲਾ ਹਰ ਵਿਅਕਤੀ ਨਾਲ ਖੜ੍ਹਾ ਹੋ ਗਿਆ। ਵਿਦਿਆ ਦਾ ਵਪਾਰੀਕਰਨ ਕਰਕੇ ਕੌਮੀ ਵਿਰਾਸਤ ਖ਼ਾਲਸਾ ਕਾਲਜ ਦੀ ਮੌਜੂਦਾ ਹੋਂਦ ਨੂੰ ਖਤਮ ਕਰਨ ਦੇ ਮਨਸੂਬਿਆਂ ਵਿਰੁੱਧ ਆਵਾਜ਼ ਬੁਲੰਦ ਹੋਈ। ਮੀਡੀਆ ਨੇ ਸਾਥ ਦਿੱਤਾ ਤੇ ਬਹੁ-ਸੰਮਤੀ ਦੀ ਰਾਇ ਬਣੀ ਕਿ ‘ਖ਼ਾਲਸਾ ਕਾਲਜ’ ਦੀ ਕੀਮਤ ‘ਤੇ ਕੋਈ ਯੂਨੀਵਰਸਿਟੀ ਨਹੀਂ ਬਣਨੀ ਚਾਹੀਦੀ। ਸੰਘਰਸ਼ ਦੇ ਪ੍ਰਤੀਕਰਮ ਵਿੱਚ ਕਾਲਜ ਦੇ 20 ਅਧਿਆਪਕਾਂ (ਜਿਨ੍ਹਾਂ ਵਿੱਚ ਕੁਝ ਇਸਤਰੀ ਅਧਿਆਪਕ ਹਨ) ਉੱਪਰ ਅਪਰਾਧੀ ਧਾਰਾ ਵਾਲੇ ਕੇਸ ਦਰਜ ਕਰਵਾ ਦਿੱਤੇ ਗਏ। ਚਾਰ ਪ੍ਰੋਫੈਸਰਾਂ ਨੂੰ ਕੁਆਟਰ ਖਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ, ਹੁਣ ਉਨ੍ਹਾਂ ਦੀਆਂ ਤਨਖਾਹਾਂ ਵਿੱਚੋਂ ਪਹਿਲਾਂ ਨਾਲੋਂ ਦਸ ਗੁਣਾਂ ਕਿਰਾਇਆ ਕੱਟ ਲਿਆ ਗਿਆ। ਤਿੰਨ ਪ੍ਰੋਫੈਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਕੁਝ ਪ੍ਰੋਫੈਸਰਾਂ ਕੋਲੋਂ ਹੈੱਡ ਦੀ ਕੁਰਸੀ ਖੋਹ ਲਈ ਗਈ। ਇਸ ਤਰ੍ਹਾਂ ਮਸਲੇ ਦੇ ਉਲਝਣ ਦਾ ਸਿਲਸਿਲਾ ਜਾਰੀ ਹੋ ਗਿਆ।
ਇੱਕ ਦਿਨ ਉਹ ਵੀ ਆਇਆ ਜਦੋਂ ਦੇਸ਼-ਵਿਦੇਸ਼ ਵਿੱਚ ਬੈਠੇ ਖ਼ਾਲਸਾ ਕਾਲਜ ਨਾਲ ਅਥਾਹ ਪਿਆਰ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਦੇ ਸਾਹਮਣੇ  ਬਿਆਨ ਦੇ ਕੇ ਦਿਲਾਂ ਨੂੰ ਠੰਢ ਪਾ ਦਿੱਤੀ ਸੀ ਕਿ ‘ਐਵੇਂ ਵਿਵਾਦ ਛਿੜ ਪਿਆ ਹੈ । ਖ਼ਾਲਸਾ ਕਾਲਜ ਇੰਨ-ਬਿੰਨ ਇਸੇ ਤਰ੍ਹਾਂ ਰਹੇਗਾ ਅਤੇ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਹੀ ਸਬੰਧਤ ਰਹੇਗਾ। ਕਾਲਜ ਦੀ ਪ੍ਰਬੰਧਕੀ ਕਮੇਟੀ ਕੋਲ ਬਹੁਤ ਸਾਰੀ ਜ਼ਮੀਨ ਹੋਰ ਹੈ। ਉਹ ਚਾਹੁਣ ਤਾਂ ਖ਼ਾਲਸਾ ਯੂਨੀਵਰਸਿਟੀ ਉਥੇ ਬਣਾ ਸਕਦੇ ਹਨ।’ ਇਹ ਬਿਆਨ ਬਹੁਤ ਸਪਸ਼ੱਟ ਸੀ। ਇਸ ਬਿਆਨ ਨਾਲ ਖ਼ਾਲਸਾ ਕਾਲਜ ਦਾ ਮਸਲਾ ਠੱਪ ਹੋ ਜਾਣਾ ਚਾਹੀਦਾ ਸੀ ਪਰ ਅਜਿਹਾ ਹੋਇਆ ਨਹੀਂ। ਜੇ ਇਹ ਮਸਲਾ ਅਜੇ ਵੀ ਭੱਖ ਰਿਹਾ ਹੈ ਤਾਂ ਸਿੱਧੇ ਤੋਂ ਸਿੱਧਾ ਸਾਧਾਰਨ ਵਿਅਕਤੀ ਵੀ ਸਮਝ ਸਕਦਾ ਹੈ ਜਾਂ ਸ਼ੱਕ ਕਰ ਸਕਦਾ ਹੈ ਕਿ ਅੰਦਰਖਾਤੇ ਕੁਝ ਪੱਕ ਰਿਹਾ ਹੈ। ਐਸਾ ਨਾ ਹੋਵੇ ਕੋਈ ਗੁਪਤ ਸਾਜ਼ਿਸ਼ ਫਿਰ ਪਲ ਰਹੀ ਹੋਵੇ। ਪ੍ਰਬੰਧਕੀ ਕਮੇਟੀ ਦਾ ਰਵੱਈਆ ਸ਼ੰਕਿਆਂ ਨੂੰ ਜਨਮ ਦੇ ਰਿਹਾ ਹੈ। ਸ਼ੰਕਿਆਂ ਦੀ ਅਜਿਹੀ ਸਥਿਤੀ ਖ਼ਤਮ ਹੋਣੀ ਚਾਹੀਦੀ ਹੈ। ਜੇ ਕਾਲਜ ਦਾ ਮਸਲਾ ਇਵੇਂ ਹੀ ਭੱਖਦਾ ਰਿਹਾ ਤਾਂ ਸਥਿਤੀ ਹੋਰ ਵੀ ਸੰਜੀਦਾ ਹੋ ਸਕਦੀ ਹੈ। ਸਥਿਤੀਆਂ ਹੀ ਪ੍ਰਭਾਵ ਸਿਰਜਦੀਆਂ ਹਨ। ਜਦੋਂ ਕਿਸੇ ਸਥਿਤੀ ਨਾਲ ਅਣਗਿਣਤ ਲੋਕ ਜੁੜੇ ਹੋਣ ਤਾਂ ਪ੍ਰਭਾਵ ਹੋਰ ਵੀ ਦੀਰਘ ਤੇ ਗੰਭੀਰ ਹੁੰਦਾ ਹੈ। ਇਸ ਹਕੀਕਤ ਨੂੰ ਅੱਖੋਂ- ਪਰੋਖੇ ਨਹੀਂ ਕੀਤਾ ਜਾ ਸਕਦਾ। ਜੇ ਕਬੂਤਰ ਅੱਖਾਂ ਮੀਟ ਲਵੇ ਤਾਂ ਬਿੱਲੀ ਝਪਟਣੋਂ ਬਾਜ ਨਹੀਂ ਆ ਸਕਦੀ। ਚਿੱਟੇ ਚਾਨਣ ਵਰਗੀ ਸਚਾਈ ਇਹ ਹੈ ਕਿ ਮਸਲਾ ਸਿੱਖ ਕੌਮ ਦੇ ਸੰਸਾਰ-ਪ੍ਰਸਿੱਧ ਆਲੀਸ਼ਾਨ ਵਿਰਸੇ ਖ਼ਾਲਸਾ ਕਾਲਜ ਦਾ ਹੈ। ਇਸ ਕਰਕੇ ਇਸ ਸਥਿਤੀ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਕਰਕੇ ਪੰਜਾਬ ਦੀ ਸਮੁੱਚੀ ਰਾਜਨੀਤੀ ਦਾ ਇਸ ਗੰਭੀਰ ਸਥਿਤੀ ਦੇ ਤਿੱਖੇ ਪ੍ਰਭਾਵ ਤੋਂ ਬਚ ਸਕਣਾ ਬਹੁਤ ਕਠਿਨ ਹੋਵੇਗਾ।  ਸਮਾਂ ਖਿਸਕਦਾ ਜਾ ਰਿਹਾ ਹੈ। ਪੰਜਾਬ ਦੀ ਸੱਤਾਧਾਰੀ ਧਿਰ ਨੂੰ ਸੁਚੇਤ ਹੋ ਕੇ ਵੇਲੇ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ ਅਤੇ ਪਹਿਲ ਦੇ ਆਧਾਰ ‘ਤੇ ਖ਼ਾਲਸਾ ਕਾਲਜ ਸਬੰਧੀ ਛਿੜੇ ਵਿਵਾਦ ਨੂੰ ਖ਼ਤਮ ਕਰਨਾ ਚਾਹੀਦਾ ਹੈ ਤਾਂ ਕਿ ਇਹ ਕੌਮੀ ਸੰਸਥਾ ਹੋਰ ਨੁਕਸਾਨ ਤੋਂ ਬਚ ਕੇ ਆਪਣੇ ਸ਼ਾਂਤ-ਮਈ ਮਾਹੌਲ ਵਿੱਚ ਮੁੜ ਤੋਂ ਸ਼ਾਨਦਾਰ ਬੁਲੰਦ ਰੁਤਬੇ ਨਾਲ ਚੜ੍ਹਦੀ-ਕਲਾ ਵਿੱਚ ਰੌਸ਼ਨ-ਮੀਨਾਰ ਬਣੀ ਰਹੇ।

No comments:

Post a Comment