Friday, June 10, 2011

ਭਾਰਤ ਅਤੇ ਪਾਕਿਸਤਾਨ

ਭਾਰਤ ਅਤੇ ਪਾਕਿਸਤਾਨ ਦਰਮਿਆਨ ਇਸਲਾਮਾਬਾਦ ਵਿਖੇ ਸਕੱਤਰ ਪੱਧਰ ਦੀ ਉਚ-ਵਾਰਤਾ ਦੇ ਵਿਰੋਧੀ ਇਸ ਨੂੰ ਅਮਰੀਕਾ ਦੇ ਭਾਰਤ ਉੱਤੇ ਦਬਾਅ ਪਾ ਕੇ ਵਾਰਤਾ ਸ਼ੁਰੂ ਕਰਨ ਦਾ ਦੋਸ਼ ਲਾ ਰਹੇ ਹਨ। ਇਸ ਤੋਂ ਪਹਿਲਾਂ 29 ਅਪਰੈਲ ਨੂੰ ਥਿੰਪੂ ਵਿਚ ਹੋਈ ਮੁਲਾਕਾਤ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ  ਯੂਸਫ਼ ਰਜ਼ਾ ਗਿਲਾਨੀ ਵਿਚਕਾਰ ਦੋਵਾਂ ਰਾਸ਼ਟਰਾਂ ਦੇ ਵਿਸ਼ਵਾਸ ਦੀ ਬਹਾਲੀ ਲਈ ਸਕੱਤਰ ਪੱਧਰ ਦੀ ਵਾਰਤਾ ਸ਼ੁਰੂ ਕਰਨ ’ਤੇ ਸਹਿਮਤੀ ਹੋਈ ਸੀ।
ਪਾਕਿਸਤਾਨ ਨਾਲ 1947 ਤੋਂ ਬਾਅਦ ਸਮਝੌਤੇ ਅਤੇ ਯੁੱਧ ਹੋਏ ਹੋਣ ਕਰ ਕੇ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਅਤੇ ਲੋਕਾਂ ਵਿਚ ਇਨ੍ਹਾਂ ਵਾਰਤਾ ਦੇ ਨਰੋਏ ਸਿੱਟੇ ਨਿਕਲਣ ਬਾਰੇ ਹਮੇਸ਼ਾ ਸ਼ੰਕਾ ਬਣਿਆ ਰਹਿੰਦਾ ਹੈ, ਜਿਸ ਦੀਆਂ ਜੜ੍ਹਾਂ ਬਹੁਤ ਦੂਰ-ਦੂਰ ਤਕ ਜਾਂਦੀਆਂ ਹਨ। ਹਕੀਕਤ ਵਿਚ ਭਾਰਤ ਵਿਚ ਸੋਚ ਦਾ ਇਕ ਧੜਾ ‘‘ਪਾਕਿਸਤਾਨ ਦੀ ਹੋਂਦ ਤੋਂ ਹੀ ਇਨਕਾਰੀ’’ ਹੈ।
ਇਸ ਦਾ ਮੁੱਖ ਕਾਰਨ ਇਹ ਹੈ ਕਿ 1947 ਦੀ ਵੰਡ ਨੇ ਜਿੰਨਾ ਨੁਕਸਾਨ ਪੰਜਾਬ ਤੇ ਪੱਛਮੀ ਬੰਗਾਲ ਦਾ ਕੀਤਾ ਹੈ ਓਨਾ ਕਿਸੇ ਵੀ ਭਾਰਤੀ ਕੌਮੀਅਤ ਦਾ ਕਸ਼ਮੀਰ ਤੋਂ ਬਿਨਾਂ ਨਹੀਂ ਹੋਇਆ। ਇਸ ਵੰਡ ਕਰ ਕੇ ਦੋਹੀਂ ਪਾਸੀਂ ਫਸਾਦਾਂ ਵਿਚ ਦਸ ਲੱਖ ਲੋਕ ਮਾਰੇ ਗਏ ਅਤੇ ਅੱਸੀ ਲੱਖ ਉੱਜੜ ਗਏ। ਔਰਤਾਂ 30,335 ਉਧਾਲੀਆਂ ਗਈਆਂ ਅਤੇ 860 ਬੱਚੇ ਭਾਰਤ ਦੇ ਪੰਜਾਬ      ਵਿਚ ਮਾਂ-ਮਹਿਟਰ ਬਣ ਗਏ, ਜਿਨ੍ਹਾਂ ਦੀਆਂ ਮਾਵਾਂ ਨੂੰ ਪਾਕਿਸਤਾਨ ਦੀ ਫੌਜ ਲੈ ਗਈ।
ਇਸ ਤੋਂ ਪਹਿਲਾਂ 1929 ਵਿਚ ਯੂਨਾਨ ਅਤੇ ਬੁਲਗਾਰੀਆ ਵਿਚ ਵੀਹ ਲੱਖ ਦੀ ਆਬਾਦੀ ਦੇ ਪੁਰਅਮਨ ਤਬਾਦਲੇ ਦੀ ਉਦਾਹਰਣ ਸੰਸਾਰ ਵਿਚ ਮਿਲਦੀ ਹੈ ਜੋ ਤਿੰਨ ਸਾਲ ਵਿਚ ਹੋਇਆ ਸੀ ਅਤੇ ਦੋਹੀਂ ਪਾਸੀਂ ਇਕ ਵੀ ਵਿਅਕਤੀ ਮਾਰਿਆ ਨਹੀਂ ਸੀ ਗਿਆ। ਇੱਥੋਂ ਤਕ ਕਿ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ, ਪ੍ਰੰਤੂ ਇੱਥੇ ਤਾਂ ਮਾਲੀ ਨੁਕਸਾਨ ਵੀ ਸਾਰੀਆਂ ਹੱਦਾਂ ਟੱਪ ਗਿਆ ਸੀ। ਇਕੱਲੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਹਿੰਦੂ ਅਤੇ ਸਿੱਖ ਸ਼ਹਿਰਾਂ ਵਿਚ ਹੀ 1,54,000 ਮਕਾਨ ਅਤੇ 51,000 ਦੁਕਾਨਾਂ ਛੱਡ ਆਏ ਅਤੇ ਚੜ੍ਹਦੇ ਪੰਜਾਬ (ਭਾਰਤ) ਵਿਚੋਂ ਮੁਸਲਮਾਨ ਸ਼ਹਿਰੀ 1,12,000 ਮਕਾਨ ਅਤੇ 17,000 ਦੁਕਾਨਾਂ ਛੱਡ ਗਏ। ਸੰਨ 1947 ਤੋਂ ਬਾਅਦ ਜਦੋਂ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਤਾਂ ਚੜ੍ਹਦੇ ਪੰਜਾਬ ਵਿਚ ਦਸ ਏਕੜ ਵਾਲੇ ਨੂੰ ਸਾਢੇ ਸੱਤ ਏਕੜ, ਸੌ ਏਕੜ ਵਾਲੇ ਨੂੰ ਸਿਰਫ ਸਾਢੇ ਪੰਜਾਹ ਏਕੜ ਜ਼ਮੀਨ ਅਲਾਟ ਹੋਈ। ਪੰਜਾਬ ਨਾਲ ਇਹ ਬੇਇਨਸਾਫੀ ਦੂਹਰੀ ਹੋ ਗਈ ਕਿਉਂਕਿ ਇਨ੍ਹਾਂ ਨੂੰ ਜ਼ਮੀਨ ਅਲਾਟ ਵੀ ਪੰਜਾਬ ਵਿਚ ਕੀਤੀ ਗਈ ਜਦੋਂ ਕਿ ਯੂ.ਪੀ., ਮੱਧ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਵਰਗੇ ਖੁੱਲ੍ਹੀਆਂ ਜ਼ਮੀਨਾਂ ਵਾਲੇ ਸੂਬਿਆਂ ਵਿਚ ਪੂਰੀ ਜਾਂ ਵਧੇਰੇ ਜ਼ਮੀਨ ਅਲਾਟ ਕੀਤੀ ਜਾ ਸਕਦੀ ਸੀ।
1947 ਦੀ ਵੰਡ ਤੋਂ ਪਹਿਲਾਂ ਨਹਿਰੀ-ਪ੍ਰਣਾਲੀ ਰਾਹੀਂ 260 ਲੱਖ ਏਕੜ ਨੂੰ ਸਿੰਜਿਆ ਜਾਂਦਾ ਸੀ ਜੋ ਸੰਸਾਰ ਵਿਚ ਸਭ ਤੋਂ ਵੱਧ ਸਿੰਜਾਈ ਵਾਲਾ ਇਲਾਕਾ ਸੀ। ਅਮਰੀਕਾ ਵਿਚ 230 ਲੱਖ ਏਕੜ ਨੂੰ ਨਹਿਰੀ ਪਾਣੀ ਰਾਹੀਂ ਸਿੰਜਿਆ ਜਾਂਦਾ ਹੈ। 18 ਸਤੰਬਰ 1960 ਨੂੰ ਰਾਵਲਪਿੰਡੀ ਵਿਖੇ ਦੋਵਾਂ ਦੇਸ਼ਾਂ ਵਿਚ ਹੋਈ ਸਿੰਧ ਜਲ-ਸੰਧੀ ਵਿਚ ਭਾਰਤ ਨੂੰ ਸਿੰਧ ਦੇ ਪਾਣੀਆਂ ਵਿਚੋਂ ਕੇਵਲ 20 ਪ੍ਰਤੀਸ਼ਤ ਪਾਣੀ ਹੀ ਮਿਲਿਆ ਅਤੇ ਪਾਕਿਸਤਾਨ ਨੂੰ 80 ਪ੍ਰਤੀਸ਼ਤ ਪਾਣੀ ਚਲਿਆ ਗਿਆ, ਕਿਉਂਕਿ ਪੱਛਮੀ ਦਰਿਆਵਾਂ ਵਿਚ ਪੂਰਬੀ ਦਰਿਆਵਾਂ ਨਾਲੋਂ ਪਾਣੀ ਦੀ ਮਿਕਦਾਰ ਬਹੁਤ ਜ਼ਿਆਦਾ ਹੈ।
ਸਭ ਤੋਂ ਵੱਡਾ ਨੁਕਸਾਨ ਇਹ ਵੀ ਹੋਇਆ ਕਿ ਪੰਜਾਬ, ਜੋ ਇਕ ਕੌਮੀਅਤ ਤੋਂ ਪੰਜਾਬੀ ਸੱਭਿਅਤਾ ਦੀ ਉਸਾਰੀ ਵੱਲ ਤੇਜ਼ੀ ਨਾਲ ਵਧ ਰਿਹਾ ਸੀ, ਉਹ ਅਮਲ ਬਿਲਕੁਲ ਬੰਦ ਹੋ ਗਿਆ ਅਤੇ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਨੂੰ ਬਹੁਤ ਵੱਡੀ ਸੱਟ ਵੱਜ ਗਈ। ਇਸ ਦੇ ਨਾਲ-ਨਾਲ ਪੰਜਾਬ 1965 ਅਤੇ 1971 ਦੀਆਂ ਜੰਗਾਂ ਦੀ ਲਪੇਟ ਵਿਚ ਆਇਆ। ਬਹੁਤ ਸਾਰਾ ਨੁਕਸਾਨ ਆਪਣੇ ਪਿੰਡੇ ’ਤੇ ਝੱਲ ਗਿਆ। ਹੁਣ ਦੋਵਾਂ ਪਾਸਿਆਂ ਦੇ ਲੋਕ 1947 ਦੀ ਵੰਡ ਦੇ ਦੁਖਾਂਤ ਨੂੰ ਭੁੱਲ ਕੇ ਸਰਹੱਦਾਂ, ਦੀਵਾਰਾਂ ਨੂੰ ਨਰਮ ਕਰਨ ਅਤੇ ਖੁਸ਼ਕੀ ਦੇ ਰਸਤੇ ਨੂੰ ਖੋਲ੍ਹਣ ਦੇ ਜਜ਼ਬਾਤ ਦਾ ਕਈ ਵਾਰ ਇਜ਼ਹਾਰ ਕਰ ਚੁੱਕੇ ਹਨ। ਹੁਣ ਪਾਕਿਸਤਾਨ ਇਕ ਹਕੀਕਤ ਹੈ ਅਤੇ ਉਹ ਸਾਡਾ ਗੁਆਂਢੀ ਦੇਸ਼ ਹੈ। ਹੁਣ ਉਸ ਦੀ ਹੋਂਦ ਤੋਂ ਮੁਨਕਰ ਹੋਣਾ ਵਾਜਬ ਨਹੀਂ ਹੈ।
ਦੋਵਾਂ ਦੇਸ਼ਾਂ ਵਿਚ ਇਹ ਵਾਰਤਾ ਉਸ ਸਮੇਂ ਹੋ ਰਹੀ ਹੈ ਜਦੋਂ ਚੀਨ-ਪਾਕਿਸਤਾਨ ਪ੍ਰਮਾਣੂ ਸਮਝੌਤਾ ਆਪਸ ਵਿਚ ਕਰ ਚੁੱਕਾ ਹੈ ਅਤੇ ਭਾਰਤ ਨਾਲ ਦੋਵਾਂ ਦੇਸ਼ਾਂ ਦੀ ਘੱਟ-ਵੱਧ ਦੂਰੀ ਹੈ। ਅਮਰੀਕਾ ਪਹਿਲਾਂ ਹੀ ਏਸ਼ੀਆ ਵਿਚ ਚੀਨ ਅਤੇ ਭਾਰਤ ਦੇ ਵਧ ਰਹੇ ਪ੍ਰਭਾਵ ਅਤੇ ਵਿਕਾਸ ਤੋਂ ਚਿੰਤਤ ਹੈ। ਦੂਜੇ ਪਾਸੇ ਚੀਨ ਦੀ ਕਾਮਰੇਡ ਮਾਓ-ਜੇ-ਤੁੰਗ ਦੇ ਸਭਿਆਚਾਰਕ ਇਨਕਲਾਬ ਅਤੇ 1962 ਦੀ ਜੰਗ ਦੇ ਸਮੇਂ ਤੋਂ ਪਸਾਰ ਵਾਦੀ ਨੀਤੀ ਆਏ ਦਿਨ ਭਾਰਤ ਨੂੰ ਨਵੇਂ ਰੰਗ ਵਿਖਾ ਰਹੀ ਹੈ। ਭਾਰਤ ਇੱਕੋ ਸਮੇਂ ਚੀਨ ਤੇ ਪਾਕਿਸਤਾਨ ਨਾਲ ਦੁਸ਼ਮਣੀ ਰੱਖਣ ਜਾਂ ਸਵੈ-ਸੁਰੱਖਿਆ ਦੀ ਹੈਸੀਅਤ ਵਿਚ ਨਹੀਂ ਹੈ। ਭਾਰਤ  ਦੇ ਆਰਥਿਕ ਹਿੱਤ ਤੇ ਪਾਕਿਸਤਾਨ ਦੀ ਭੂਗੋਲਿਕ ਸਥਿਤੀ ਵੀ ਦਾਰੋ-ਉਲ-ਇਸਲਾਮ ਦੇ 90 ਦੇਸ਼ਾਂ ਨਾਲ ਭਾਰਤ ਦੇ ਵਪਾਰ ਨੂੰ ਦੋਸਤੀ ਅਤੇ ਸ਼ਾਂਤੀ ਨਾਲ ਜੋੜ ਸਕਦੀ ਹੈ। ਇਹ ਹੀ ਸੋਚ ਭਾਰਤ ਨੂੰ ਅਫਗਾਨਿਸਤਾਨ ਵਿਚ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੇ ਹੱਥ ਜਲਾ ਕੇ ਭੱਜਣ ਤੋਂ ਬਾਅਦ ਵੀ ਅੱਗ ਵਿਚ ਹੱਥ ਪਾਉਣ ਲਈ ਮਜਬੂਰ ਕਰ ਰਹੀ ਹੈ। 21ਵੀਂ ਸਦੀ ਆਰਥਿਕਤਾ ਦੀ ਸਦੀ ਹੈ ਅਤੇ ਭਾਰਤ ਲਈ ਦਾਰੋ-ਉਲ-ਇਸਲਾਮ ਦੀ ਵੱਡੀ ਮੰਡੀ ਚੁੰਬਕੀ ਖਿੱਚ ਬਣੀ ਹੋਈ ਹੈ। ਦਹਿਸ਼ਤਗਰਦੀ ਕੌਮੀ ਵਰਤਾਰਾ ਬਣਦਾ ਜਾ ਰਿਹਾ ਹੈ ਅਤੇ ਪਾਕਿਸਤਾਨ ਦੇ ਇਲਾਕੇ ਦਾ ਬਹੁਤਾ ਵੱਡਾ ਹਿੱਸਾ ਇਸ ਦੀ ਮਾਰ ਵਿਚ ਹੈ। ਪੰਜਾਬੀ ਦੀ ਇਕ ਕਹਾਵਤ ਹੈ :-
‘ਚੰਦਰਾ ਗੁਆਂਢ ਬੁਰਾ…’
ਜਿਸ ਦਾ ਇੱਥੇ ਜ਼ਿਕਰ ਕਰਨਾ ਵਾਜਬ ਜਾਪਦਾ ਹੈ।

ਪਾਕਿਸਤਾਨ ਦੀ ਦਹਿਸ਼ਤਗਰਦੀ ਦਾ ਸੇਕ ਸਭ ਤੋਂ ਵੱਧ ਭਾਰਤ ਨੂੰ ਲਗਦਾ ਹੈ। ਜੇਕਰ ਭਾਰਤ-ਪਾਕਿਸਤਾਨ ਦਹਿਸ਼ਤਗਰਦੀ ਦੀ ਰੋਕਥਾਮ, ਖੁਸ਼ਕ ਬੰਦਰਗਾਹ ਰਾਹੀਂ ਵਪਾਰਕ ਲਾਂਘਾ ਬਣਾਉਣ, ਵਿੱਦਿਆ ਅਤੇ ਟੂਰਿਜ਼ਮ, ਧਾਰਮਿਕ ਅਸਥਾਨਾਂ ਦੀਆਂ ਯਾਤਰਾਵਾਂ ਦੀ ਖੁੱਲ੍ਹ ਤੇ ਵੀਜ਼ਾ-ਪ੍ਰਣਾਲੀ ਨੂੰ ਸੌਖੇਰੇ ਬਣਾਉਣ ਵਰਗੇ ਕਦਮਾਂ ’ਤੇ ਕੁਝ ਅੱਗੇ ਵਧ ਸਕਦੇ ਹਨ ਤਾਂ ਇਹ ਦੋਹਾਂ ਦੇਸ਼ਾਂ ਦੇ ਲੋਕਾਂ ਤੇ ਸਰਕਾਰਾਂ ਦੇ ਭਲੇ ਵਾਲੇ ਕਦਮ ਹਨ।
‘ਅੱਗ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ।’ ਇਹ ਇਕ ਠੋਸ ਹਕੀਕਤ ਹੈ, ਪ੍ਰੰਤੂ ਔਖੇ ਤੇ ਬਿਖੜੇ ਪੈਂਡਿਆਂ ਤੇ ਕੌਮਾਂ, ਦੇਸ਼ਾਂ, ਵਿਅਕਤੀਆਂ ਨੂੰ ਚੱਲਣਾ ਪੈਂਦਾ ਹੈ। ਦੋਵਾਂ ਦੇਸ਼ਾਂ ਦੀ ਇਸ ਵਾਰਤਾ ਤੋਂ ਘਬਰਾਹਟ ਚੀਨ, ਅਮਰੀਕਾ ਜਾਂ ਹੋਰ ਕਿਸੇ ਭਾਰਤ ਵਿਰੋਧੀ ਨੂੰ ਹੋ ਸਕਦੀ ਹੈ ਪ੍ਰੰਤੂ ਕਾਲੇ ਬੱਦਲਾਂ ’ਚੋਂ ਰੌਸ਼ਨੀ ਦੀਆਂ ਕੁਝ ਕਿਰਨਾਂ ਵੀ ਬਾਹਰ ਆਉਣ ਤਾਂ ਚੰਗੀਆਂ ਹਨ।

No comments:

Post a Comment