Friday, June 10, 2011

ਪ੍ਰਦੂਸ਼ਿਤ ਵਾਤਾਵਰਣ ਅਤੇ ਵਧ ਰਹੀ ਤਪਸ਼

ਜਿਸ ਤੇਜ਼ੀ ਨਾਲ ਸੰਸਾਰ ਵਿਚ ਤਪਸ਼ ਵੱਧ ਰਹੀ ਹੈ, ਵਾਤਾਵਰਣ ਪਲੀਤ ਹੋ ਰਿਹਾ ਹੈ ਅਤੇ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਹੋ ਰਹੀ ਹੈ। ਉਸ ਨੂੰ ਵੇਖਦਿਆਂ ਇਹ ਆਖਿਆ ਜਾ ਸਕਦਾ ਹੈ ਕਿ ਇਸ ਸੁੰਦਰ ਸੰਸਾਰ ਦਾ ਵਿਨਾਸ਼ ਹੋਣਾ ਨਿਸਚਿਤ ਹੀ ਹੈ। ਇਸ ਵਿਨਾਸ਼ ਦਾ ਮੁੱਖ ਕਾਰਨ ਮਨੁੱਖ ਆਪ ਹੀ ਬਣੇਗਾ। ਕਰਤਾ ਨੇ ਮਨੁੱਖ ਨੂੰ ਇਕ ਸੁੰਦਰ ਸੰਸਾਰ ਬਖਸ਼ਿਆ ਸੀ ਜਿਥੇ ਉਸ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਦੇ ਸਾਧਨ ਸਨ ਪਰ ਮਨੁੱਖ ਨੇ ਆਪਸੀ ਪਿਆਰ, ਬਰਾਬਰੀ, ਸੰਤੋਖ ਤੇ ਸੱਚ ਦਾ ਪੱਲੂ ਛੱਡ ਕੇ ਈਰਖਾ, ਹਉਮੈ, ਵੈਰ ਤੇ ਵਿਰੋਧ ਦਾ ਰਾਹ ਚੁਣ ਲਿਆ ਹੈ। ਇਸੇ ਕਰਕੇ ਉਹ ਕੁਦਰਤ ਦੀਆਂ ਦਾਤਾਂ ਨੂੰ ਮਾਨਣ ਦੀ ਥਾਂ ਉਨ੍ਹਾਂ ਨਾਲ ਖਿਲਵਾੜ ਕਰ ਰਿਹਾ ਹੈ। ਸੰਸਾਰ ਦਾ ਸਭ ਤੋਂ ਸਿਆਣਾ ਮੰਨਿਆ ਜਾਂਦਾ ਜੀਵ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ। ਉਹ ਲਾਲਚੀ ਅਤੇ ਸਵਾਰਥੀ ਹੋ ਗਿਆ ਹੈ। ਉਹ ਧਰਤੀ ਦੇ ਵਾਸੀ ਲੱਖਾਂ ਹੀ ਹੋਰ ਜੀਵ ਜੰਤੂਆਂ, ਬੂਟਿਆਂ ਆਦਿ ਦੇ ਹੱਕਾਂ ਉਤੇ ਤਾਂ ਡਾਕਾ ਮਾਰ ਹੀ ਰਿਹਾ ਹੈ ਸਗੋਂ ਆਪਣੇ ਭਵਿੱਖ ਨੂੰ ਵੀ ਧੁੰਦਲਾ ਕਰ ਰਿਹਾ ਹੈ। ਉਸ ਨੂੰ ਭੁਲੇਖਾ ਹੈ ਕਿ ਆਪਣੇ ਘਰੋਂ ਕੂੜਾ ਕਢ ਕੇ ਸੜਕ ਉਤੇ ਸੁੱਟਿਆਂ ਉਸ ਦਾ ਘਰ ਸਾਫ ਹੋ ਗਿਆ ਹੈ। ਆਪਣੇ ਘਰ ਨੂੰ ਗਰਮ ਠੰਢਾ ਕਰਨ ਲਈ ਜਿਹੜੀ ਤਪਸ਼ ਬਾਹਰ ਛੱਡੀ ਜਾ ਰਹੀ ਹੈ ਉਸ ਬਾਰੇ ਕਦੇ ਸੋਚਿਆ ਹੀ ਨਹੀਂ।
ਵਾਹਨ ਦੇ ਅੰਦਰ ਬੈਠਿਆਂ ਉਹ ਠੰਢ ਦਾ ਆਨੰਦ ਮਾਣਦਾ ਹੈ ਪਰ ਇਹ ਭੁਲ ਜਾਂਦਾ ਹੈ ਕਿ ਵਾਹਨ ਵਿਚੋਂ ਨਿਕਲ ਰਿਹਾ ਧੂੰਆਂ ਅਤੇ ਗਰਮੀ ਵਾਤਾਵਰਣ ਦਾ ਸਤਿਆਨਾਸ ਕਰ ਰਹੇ ਹਨ। ਸਨਅਤਕਾਰ ਇਹ ਸੁਣਨ ਲਈ ਤਿਆਰ ਨਹੀਂ ਕਿ ਉਸ ਦੀ ਫੈਕਟਰੀ ਦਾ ਧੂੰਆਂ ਜਿਹੜਾ ਹਵਾ ਵਿਚ ਰਲਦਾ ਹੈ ਅਤੇ ਗੰਦਾ ਪਾਣੀ ਵਗਦੇ ਪਾਣੀ ਵਿਚ ਘੁਲਦਾ ਹੈ, ਇਸ ਦਾ ਅਸਰ ਉਸ ਦੇ ਆਪਣੇ ਆਪ ਉਤੇ ਵੀ ਪੈਂਦਾ ਹੈ। ਧੂੰਆਂ ਮਾਰਦੇ ਵਾਹਨ ਕੇਵਲ ਦੂਜਿਆਂ ਲਈ ਹੀ ਵਾਤਾਵਰਣ ਗੰਧਲਾ ਨਹੀਂ ਕਰਦੇ ਸਗੋਂ ਮਾਲਕਾਂ ਨੂੰ ਵੀ ਉਸੇ ਹਵਾ ਵਿਚ ਸਾਹ ਲੈਣਾ ਪੈਂਦਾ ਹੈ। ਅੰਨ੍ਹੇਵਾਹ ਖੇਤੀ ਵਿਚ ਜ਼ਹਿਰਾਂ ਦਾ ਛਿੜਕਾਅ, ਜੰਗ ਵਿਚ ਵਰਤਿਆ ਬਾਰੂਦ, ਰੁੱਖਾਂ ਦੀ ਤੇਜ਼ੀ ਨਾਲ ਕਟਾਈ ਅਤੇ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਵਾਤਾਵਰਣ ਨੂੰ ਤੇਜ਼ੀ ਨਾਲ ਗੰਧਲਾ ਕਰ ਰਹੇ ਹਨ। ਸੁੱਖ ਅਰਾਮ ਲਈ ਵਰਤੀਆਂ ਜਾ ਰਹੀਆਂ ਮਸ਼ੀਨਾਂ ਵਿਚੋਂ ਨਿਕਲ ਰਿਹਾ ਸੇਕ ਅਤੇ ਗੈਸ ਕਾਇਨਾਤ ਨੂੰ ਗਰਮ ਕਰ ਰਹੇ ਹਨ।
ਗੰਦਾ ਹੋ ਰਿਹਾ ਵਾਤਾਵਰਣ ਅਨੇਕਾਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਵਧ ਰਿਹਾ ਸੇਕ ਹਮੇਸ਼ਾ ਜੰਮੀਆਂ ਰਹਿਣ ਵਾਲੀਆਂ ਬਰਫਾਂ ਪਿਘਲਾ ਰਿਹਾ ਹੈ ਜਿਸ ਨਾਲ ਸਮੁੰਦਰਾਂ ਦੇ ਪਾਣੀਆਂ ਵਿਚ ਵਾਧਾ ਹੋ ਰਿਹਾ ਹੈ। ਸੰਸਾਰ ਦੇ ਕਈ ਟਾਪੂਆਂ ਨੂੰ ਪਾਣੀ ਵਿਚ ਡੁੱਬ ਜਾਣ ਦਾ ਖਤਰਾ ਬਣ ਗਿਆ ਹੈ। ਸੰਸਾਰ ਨੂੰ ਵੱਧ ਰਹੇ ਖਤਰੇ ਨੂੰ ਵੇਖ ਵਾਤਾਵਰਣ ਪ੍ਰੇਮੀਆਂ ਵਿਚ ਇਕ ਨਵੀਂ ਚੇਤਨਾ ਜਾਗੀ ਹੈ। ਇਨ੍ਹਾਂ ਨੇ ਮਨੁੱਖ ਨੂੰ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਕਰਨ ਲਈ ਯਤਨ ਆਰੰਭੇ ਹਨ। ਇਸੇ ਕੜੀ ਅਧੀਨ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 1972 ਵਿਚ ਹੋਈ ਆਪਣੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਸੀ ਕਿ ਲੋਕਾਈ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪੰਜ ਜੂਨ ਦਾ ਦਿਨ ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ। ਜੋ ਕਿ ਚਾਰ ਦਿਨ ਪਹਿਲਾਂ ਮਨਾਇਆ ਗਿਆ ਹੈ। ਇਸ ਦਿਨ ਸਾਰੇ ਦੇਸ਼ਾਂ ਵਿਚ ਵਿਸ਼ੇਸ਼ ਸਮਾਗਮ ਕੀਤੇ ਗਏ, ਲੋਕਾਂ ਨੂੰ ਉਨ੍ਹਾਂ ਦੇ ਫਰਜ਼ਾਂ ਪ੍ਰਤੀ ਜਾਗਰੂਕ ਕੀਤਾ ਗਿਆ ਤਾਂ ਜੋ ਵਾਤਾਵਰਣ ਦੀ ਰਾਖੀ ਹੋ ਸਕੇ।
ਇਹ ਜ਼ਿੰਮੇਵਾਰੀ ਕੇਵਲ ਸਰਕਾਰਾਂ ਤੀਕ ਹੀ ਸੀਮਤ ਨਾ ਰੱਖੀ ਜਾਵੇ ਸਗੋਂ ਸਵੈ-ਸੇਵੀ ਸੰਸਥਾਵਾਂ ਰਾਹੀਂ ਸਾਰੀ ਲੋਕਾਈ ਨੂੰ ਇਸ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਆ ਜਾਵੇ। ਉਸ ਵਿਕਾਸ ਦੀ ਥਾਂ ਜਿਹੜਾ ਭਵਿੱਖ ਨੂੰ ਖਤਰੇ ਵਿਚ ਪਾ ਰਿਹਾ ਹੈ, ਅਜਿਹਾ ਵਿਕਾਸ ਕੀਤਾ ਜਾਵੇ ਜਿਹੜਾ ਟਿਕਾਊ ਅਤੇ ਸਮਾਨਤਾ ਅਧਾਰਿਤ ਹੋਵੇ। ਇਸ ਵਿਚ ਸਥਾਨਕ ਭਾਈਚਾਰਿਆਂ ਦੀ ਅਹਿਮ ਭੂਮਿਕਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਤਾਹੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਸ਼ਾਇਦ ਇਸ ਨਾਲ ਟਿਕਾਊ ਨਤੀਜੇ ਪ੍ਰਾਪਤ ਨਾ ਹੋ ਸਕਣ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਨਾਗਰਿਕ, ਜੀਵ ਜੰਤੂ ਤੇ ਬਨਸਪਤੀ ਜਾਂ ਇੰਝ ਕਹੋ ਸਾਰਾ ਸੰਸਾਰ ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਕੁਦਰਤ ਦਾ ਨਿੱਘ ਮਾਣਦਿਆਂ ਹੋਇਆਂ ਗੁਜ਼ਾਰੇ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਪਵੇਗੀ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਲੋਕਾਈ ਖਤਰਿਆਂ ਨੂੰ ਜਾਣੇ ਅਤੇ ਸੁਚੇਤ ਹੋਵੇ।
ਅਜਿਹੇ ਯਤਨਾਂ ਦੀ ਲੋੜ ਹੈ ਜਿਸ ਨਾਲ ਲੋਕਾਂ ਨੂੰ ਖਤਰਿਆਂ ਦਾ ਅਹਿਸਾਸ ਹੋਵੇ, ਉਨ੍ਹਾਂ ਦੀ ਸੋਚ ਵਿਚ ਤਬਦੀਲੀ ਆਵੇ ਅਤੇ ਸਾਰੇ ਭਾਈਚਾਰੇ ਆਪਣਾ ਧਰਮ ਸਮਝ ਕੇ ਪੂਰੇ ਯਤਨਾਂ ਨਾਲ ਵਾਤਾਵਰਣ ਅਤੇ ਵਾਯੂ ਮੰਡਲ ਦੀ ਰਾਖੀ ਕਰਨ। ਸੰਸਾਰ ਵਿਚ ਵਿਕਾਸ ਦੀ ਲੋੜ ਹੈ ਪਰ ਅਜਿਹੇ ਵਿਕਾਸ ਦੀ ਲੋੜ ਹੈ ਜਿਹੜਾ ਟਿਕਾਊ ਤੇ ਸਮਾਨਤਾ ਅਧਾਰਿਤ ਹੋਵੇ। ਅਜਿਹੇ ਵਿਕਾਸ ਵੱਲੋਂ ਮੂੰਹ ਮੋੜਿਆ ਜਾਵੇ ਜਿਹੜਾ ਭਵਿੱਖ ਨੂੰ ਖਤਰੇ ਵਿਚ ਪਾਵੇ। ਲੋਕ ਚੇਤਨਾ ਅਤੇ ਲੋਕ ਯਤਨਾਂ ਤੋਂ ਬਗੈਰ ਅਜਿਹਾ ਹੋਣਾ ਸੰਭਵ ਨਹੀਂ ਹੈ। ਜੇਕਰ ਸਾਰਾ ਕੁਝ ਸਰਕਾਰਾਂ ਉਤੇ ਹੀ ਛੱਡ ਦਿੱਤਾ ਜਾਵੇ ਤਾਂ ਇਸ ਪਾਸੇ ਬਹੁਤਾ ਕੁਝ ਨਹੀਂ ਹੋ ਸਕਦਾ ਕਿਉਂਕਿ ਸਾਡੇ ਦੇਸ਼ ਵਿਚ ਤਾਂ ਕਾਨੂੰਨ ਦੀ ਉਲੰਘਣਾ ਕਰਨਾ ਵਡੱਪਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਮੱਸਿਆ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਪਰ ਸ਼ਹਿਰੀਆਂ ਵੱਲੋਂ ਇਸ ਨੂੰ ਵਧੇਰੇ ਗੁੰਝਲਦਾਰ ਬਣਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ, ਨਗਰ ਕੌਂਸਲ ਅਤੇ ਸਰਕਾਰ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਰਲ ਕੇ ਯਤਨ ਕਰਨ ਦੀ ਲੋੜ ਹੈ। ਸ਼ਹਿਰੀ ਹੀ ਕੁਦਰਤੀ ਵਸੀਲਿਆਂ ਦੀ ਵਧੇਰੇ ਵਰਤੋਂ ਕਰਦੇ ਹਨ ਅਤੇ ਉਹ ਹੀ ਵਾਤਾਵਰਣ ਨੂੰ ਵਧੇਰੇ ਗੰਧਲਾ ਬਣਾਉਂਦੇ ਹਨ। ਨਗਰ ਸੁਧਾਰ ਲਈ ਸ਼ਹਿਰੀਆਂ ਦੇ ਸੁਭਾਅ ਅਤੇ ਸੋਚਣੀ ਵਿਚ ਤਬਦੀਲੀ ਦੀ ਲੋੜ ਹੈ। ਸ਼ਹਿਰ ਦੀ ਸਾਫ-ਸਫਾਈ, ਪਾਣੀ ਦੀ ਸੰਜਮੀ ਵਰਤੋਂ, ਊਰਜਾ ਦੀ ਸਹੀ ਵਰਤੋਂ, ਕੂੜਾ ਕਰਕਟ ਦੀ ਸੰਭਾਲ ਅਤੇ ਵਾਹਨਾਂ ਦੀ ਘੋਖ ਜ਼ਰੂਰੀ ਹੈ। ਸ਼ਹਿਰਾਂ ਵਿਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਝੁੱਗੀ ਝੌਂਪੜੀ ਅਤੇ ਗੰਦੀਆਂ ਬਸਤੀਆਂ ਵਿਚ ਵੀ ਵਾਧਾ ਹੋ ਰਿਹਾ ਹੈ। ਵਾਹਨਾਂ ਦੀ ਗਿਣਤੀ ਵਿਚ ਵਾਧੇ ਨਾਲ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ। ਵਾਤਾਵਰਣ ਦੀ ਪ੍ਰਦੂਸ਼ਿਤਤਾ ਦਾ ਅਸਰ ਭਾਵੇਂ ਸਾਰਿਆਂ ਉਤੇ ਪੈ ਰਿਹਾ ਹੈ ਪਰ ਗਰੀਬ ਲੋਕਾਂ ਨੂੰ ਇਸ ਦੀ ਵਧੇਰੇ ਮਾਰ ਸਹਿਣੀ ਪੈ ਰਹੀ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਕੁਦਰਤ ਨੇ ਇਸ ਸੰਸਾਰ ਨੂੰ ਪਵਣੁ, ਪਾਣੀ ਅਤੇ ਧਰਤੀ ਦੇ ਰੂਪ ਵਿਚ ਅਨਮੋਲ ਤੋਹਫਾ ਦਿੱਤਾ ਹੈ। ਅਸਲ ਵਿਚ ਇਨ੍ਹਾਂ ਤਿੰਨਾਂ ਤੋਂ ਬਿਨਾਂ ਇਸ ਧਰਤੀ ਉਤੇ ਜੀਵਨ ਸੰਭਵ ਹੀ ਨਹੀਂ ਹੈ। ਇਸੇ ਕਰਕੇ ਮੁੱਢ ਕਦੀਮ ਤੋਂ ਮਨੁੱਖ ਇਨ੍ਹਾਂ ਤਿੰਨਾਂ ਨੂੰ ਸਭ ਤੋਂ ਵਧ ਪਵਿੱਤਰ ਮੰਨਦਾ ਆਇਆ ਹੈ। ਇਨ੍ਹਾਂ ਨੂੰ ਦੇਵਤੇ ਮੰਨ ਕੇ ਇਨ੍ਹਾਂ ਦੀ ਪੂਜਾ ਹੁੰਦੀ ਆਈ ਹੈ।
ਜਦੋਂ ਵਿਗਿਆਨ ਇੰਨਾ ਵਿਕਸਤ ਨਹੀਂ ਸੀ ਹੋਇਆ ਉਦੋਂ ਮਨੁੱਖ ਪਾਣੀ, ਹਵਾ ਤੇ ਧਰਤੀ ਦੀ ਮਹੱਤਤਾ ਬਾਰੇ ਵਧੇਰੇ ਜਾਗਰੂਕ ਸੀ। ਉਹ ਇਨ੍ਹਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਹਮੇਸ਼ਾ ਯਤਨ ਕਰਦਾ ਸੀ। ਅੱਜ ਜਦੋਂ ਵਿਗਿਆਨ ਵਿਕਾਸ ਦੀ ਸਿਖਰ ਉਤੇ ਹੈ, ਉਦੋਂ ਅਸੀਂ ਆਪਣੇ ਦੇਵਤਿਆਂ ਤੋਂ ਬੇਮੁੱਖ ਹੋ ਗਏ ਹਾਂ। ਇਨ੍ਹਾਂ ਦੀ ਪੂਜਾ ਕਰਨ ਦੀ ਥਾਂ ਇਨ੍ਹਾਂ ਦੀ ਪਵਿੱਤਰਤਾ ਨੂੰ ਭੰਗ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਜੇਕਰ ਅਸੀਂ ਪੰਜਾਬ ਦੀ ਹੀ ਗੱਲ ਕਰੀਏ ਤਾਂ ਇਥੋਂ ਦੀ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਸ਼ਾਮ ਪੈਂਦਿਆਂ ਹੀ ਵੱਡੇ ਸ਼ਹਿਰਾਂ ਉਤੇ ਧੂੰਏਂ ਦੀ ਪਰਤ ਫੈਲ ਜਾਂਦੀ ਹੈ। ਕਿਸੇ ਵੀ ਸ਼ਹਿਰ ਦਾ ਪਾਣੀ ਸ਼ੁੱਧ ਨਹੀਂ ਹੈ। ਸਾਰੇ ਦਰਿਆਵਾਂ, ਨਾਲਿਆਂ ਅਤੇ ਵੇਈਆਂ ਦਾ ਪਾਣੀ ਗੰਧਲਾ ਹੋ ਗਿਆ ਹੈ। ਖੇਤੀ ਵਿਚ ਰਸਾਇਣਾਂ ਦੀ ਅੰਧਾਧੁੰਦ ਵਰਤੋਂ ਨਾਲ ਖਾਣ ਵਸਤਾਂ ਵੀ ਸ਼ੁੱਧ ਨਹੀਂ ਰਹੀਆਂ। ਪੰਜਾਬ ਜਿਸ ਨੂੰ ਪਾਣੀ ਦਾ ਘਰ ਸਮਝਿਆ ਜਾਂਦਾ ਹੈ। ਉਥੇ ਵੀ ਲੋਕਾਂ ਨੂੰ ਬੰਦ ਬੋਤਲਾਂ ਦਾ ਪਾਣੀ ਮੁੱਲ ਲੈ ਕੇ ਪੀਣਾ ਪੈ ਰਿਹਾ ਹੈ। ਗਰੀਬਾਂ ਨੂੰ ਗੰਦਾ ਪਾਣੀ ਪੀਣ ਅਤੇ ਗੰਦਗੀ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਰੁੱਖ ਵਾਤਾਵਰਣ ਦੀ ਸ਼ੁੱਧਤਾ ਅਤੇ ਮੌਸਮ ਦੀ ਸੰਭਾਲ ਕਰਦੇ ਸਨ ਪਰ ਅਸੀਂ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕਰ ਰਹੇ ਹਾਂ। ਧਰਤੀ ਦੇ ਤੀਜੇ ਹਿੱਸੇ ਉਤੇ ਜੰਗਲ ਹੋਣੇ ਚਾਹੀਦੇ ਹਨ ਪਰ ਪੰਜਾਬ ਵਿਚ ਇਹ ਰਕਬਾ ਅੱਠ ਪ੍ਰਤੀਸ਼ਤ ਹੈ। ਵਧ ਰਹੀ ਤਪਸ਼ ਦਾ ਮੌਸਮ ਉਤੇ ਵੀ ਅਸਰ ਪੈ ਰਿਹਾ ਹੈ।
ਹੁਣ ਬਰਸਾਤ ਦੇ ਦਿਨੀਂ ਵਰਖਾ ਦੀ ਝੜੀ ਨਹੀਂ ਲੱਗਦੀ, ਗਰਮੀਆਂ ਵਿਚ ਲੂਆਂ ਨਹੀਂ ਚੱਲਦੀਆਂ ਅਤੇ ਸਰਦੀਆਂ ਵਿਚ ਕੱਕਰ ਨਹੀਂ ਪੈਂਦਾ। ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਵੱਧ ਤੋਂ ਵੱਧ ਰੁੱਖ ਲਗਾਈਏ ਪਰ ਨਾਲ ਹੀ ਇਨ੍ਹਾਂ ਦੀ ਸੰਭਾਲ ਵੀ ਕਰੀਏ, ਵਾਹਨਾਂ ਨੂੰ ਧੂੰਆਂ ਰਹਿਤ ਰੱਖੀਏ। ਫੈਕਟਰੀਆਂ ਅਤੇ ਸੀਵਰੇਜ ਦਾ ਗੰਦਾ ਪਾਣੀ ਸਾਫ ਕਰਕੇ ਸਿੰਚਾਈ ਲਈ ਵਰਤਿਆ ਜਾਵੇ। ਕੁਦਰਤ ਦੇ ਨੇੜੇ ਜਾਈਏ ਅਤੇ ਕੁਦਰਤੀ ਵਸੀਲਿਆਂ ਦੀ ਘੱਟ ਤੋਂ ਘੱਟ ਵਰਤੋਂ ਕਰੀਏ।
ਘਰਾਂ, ਗੱਡੀਆਂ, ਦਫਤਰਾਂ ਆਦਿ ਨੂੰ ਗਰਮ ਅਤੇ ਠੰਢਾ ਕਰਨ ਲਈ ਘੱਟ ਤੋਂ ਘੱਟ ਮਸ਼ੀਨਾਂ ਦੀ ਵਰਤੋਂ ਕਰੀਏ। ਆਪਣੇ ਚੌਗਿਰਦੇ ਨੂੰ ਸਾਫ ਰੱਖਣਾ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਰਕਾਰੀ ਕਾਨੂੰਨਾਂ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਾਹ ਪਾਇਆ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਜਾਂ ਇਸ ਸਬੰਧੀ ਸਮਾਗਮ ਕਰਨ ਦਾ ਲਾਭ ਉਦੋਂ ਹੀ ਹੋਵੇਗਾ ਜਦੋਂ ਲੋਕੀਂ ਆਪਣੇ ਫਰਜ਼ਾਂ ਨੂੰ ਪਛਾਣਨਗੇ ਅਤੇ ਉਨ੍ਹਾਂ ਉਤੇ ਅਮਲ ਕਰਨਗੇ।  ਜੇਕਰ ਕਾਰਗਰ ਯਤਨ ਨਾ ਕੀਤੇ ਗਏ ਤਾਂ ਵਧ ਰਹੀ ਤਪਸ਼ ਅਤੇ ਪ੍ਰਦੂਸ਼ਿਤਤਾ ਸਾਡੇ ਇਸ ਸੁੰਦਰ ਸੰਸਾਰ ਲਈ ਖਤਰਾ ਬਣ ਜਾਵੇਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੀ ਨਹੀਂ ਸਗੋਂ ਆਪਣੇ ਰਹਿਣ ਲਈ ਵੀ ਸਾਨੂੰ ਆਪਣੇ ਸੰਸਾਰ ਦੀ ਰਾਖੀ ਅਤੇ ਸੰਭਾਲ ਕਰਨੀ ਪਵੇਗੀ।

1 comment: