Sunday, June 5, 2011

ਵਾਤਾਵਰਣ ਸੰਭਾਲ ........

ਕਾਦਰ ਨੇ ਕੁਦਰਤ ਦੀ ਸਿਰਜਣਾ ਕਰਦੇ ਸਮੇਂ ਇਸ ਗੱਲ ਨੂੰ ਖਾਸ ਧਿਆਨ ਵਿਚ ਰੱਖਿਆ ਕਿ ਪ੍ਰਾਣੀ-ਮੰਡਲ ਦੇ ਸਰਵੋਤਮ ਜੀਵ  ‘ਮਨੁੱਖ’ ਉਪਰ ਸੁਹਾਵਣੇ, ਪਵਿੱਤਰ ਅਤੇ ਜੀਵਨ-ਪ੍ਰਦਾਨ ਕਰਨ ਵਾਲੇ ਵਾਤਾਵਰਣ ਦੀ ਬਖਸ਼ਿਸ਼ ਕੀਤੀ ਜਾਵੇ। ਇਹ ਇਸ ਬਖਸ਼ਿਸ਼ ਦੀ ਵੰਨ-ਸੁਵੰਨਤਾ ਹੀ ਹੈ ਕਿ ਧਰਤੀ ਉਪਰ ਹਰਿਆਵਲ, ਰੰਗ-ਬਰੰਗੇ ਫੁੱਲ, ਮਿੱਠੇ ਮੇਵੇ, ਚਹਿ-ਚਹਾਉਂਦੇ ਪੰਛੀ, ਰੁਮਕਦੀਆਂ ਹਵਾਵਾਂ, ਪਵਿੱਤਰ ਜਲ ਨਾਲ ਵਗਦੀਆਂ ਨਦੀਆਂ, ਝਰਨੇ, ਸੁਹਾਵਣੇ ਜੰਗਲ, ਜੰਗਲੀ ਜੀਵ ਸਭ ਮਨੁੱਖ ਦੀ ਸੇਵਾ ਵਿਚ ਹਾਜ਼ਰ ਹਨ।  ਇਵੇਂ ਕੁਦਰਤ ਮਨੁੱਖ ਨੂੰ ਮਾਂ ਵਾਂਗ ਪਾਲਦੀ ਹੈ। ਪਿਛਲੇ ਕੁਝ ਦਹਾਕਿਆਂ ਤੋਂ ਮਨੁੱਖ ਨੇ ਆਪਣੀਆਂ ਲੋੜਾਂ ਨਾਲੋਂ ਆਪਣੀਆਂ ਲਾਲਸਾਵਾਂ ਨੂੰ ਇਸ ਕਦਰ ਵਧਾ ਲਿਆ ਹੈ ਕਿ ਵਿਕਾਸ ਦੇ ਨਾਮ ਉਪਰ ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਗਈ ਹੈ। ਸੁਖ ਰਹਿਣੇ ਪਦਾਰਥਕ ਜੀਵਨ ਦੀ ਲਾਲਸਾ ਤਹਿਤ ਮਨੁੱਖੀ ਵਿਸ਼ਵਾਸ ਕਾਦਰ ਦੀ ਕੁਦਰਤ ਵੱਲੋਂ ਹੱਟ ਕੇ ਮਨੁੱਖ ਸਿਰਜਤ ਵਸਤਾਂ ਉਪਰ ਕੇਂਦਰਿਤ ਹੋ ਗਿਆ ਹੈ। ਇਸ ਨਾਲ ਇਕ ਤਾਂ ਕੁਦਰਤ ਦਾ ਆਪਸੀ ਨਿਰਭਰਤਾ ਦਾ ਸਿਧਾਂਤ ਟੁੱਟ ਗਿਆ, ਦੂਜਾ ਮਨੁੱਖੀ ਕਿਰਿਆਵਾਂ ਦੇ ਪ੍ਰਭਾਵ ਅਧੀਨ ਵਾਤਾਵਰਣ ਏਨਾ ਗੰਧਲਾ ਹੋ ਗਿਆ ਹੈ ਜੋ ਮਨੁੱਖੀ ਹੋਂਦ ਲਈ ਹੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅਜੋਕੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਮਨੁੱਖੀ ਹੋਂਦ ਤੇ ਹਸਤੀ ਲਈ ਗੰਭੀਰ ਮਸਲਾ ਵਾਤਾਵਰਣ ਦੀ ਸੰਭਾਲ ਹੈ।
ਵਾਤਾਵਰਣ ਪ੍ਰਤੀ ਮਨੁੱਖੀ ਰਿਸ਼ਤੇ ਤੇ ਸਾਂਝ ਦੇ ਪ੍ਰਸੰਗ ਵਿਚ ਜਿੱਥੇ ਇਕ ਪਾਸੇ ਕੁਦਰਤੀ ਵਾਤਾਵਰਣ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ, ਉਥੇ ਦੂਜੇ ਪਾਸੇ ਉਹ ਉੱਦਮ ਕਰਨ ਦੀ ਲੋੜ ਹੈ, ਜਿਸ ਨਾਲ  ਸਾਫ-ਸੁਥਰਾ ਤੇ ਸਿਹਤਮੰਦ ਵਾਤਾਵਰਣ  ਸਥਾਪਤ ਹੋ ਸਕੇ।
ਵਾਤਾਵਰਣ ਦੀ ਵਿਗੜ ਰਹੀ ਸਥਿਤੀ ਤੇ ਸਮੱਸਿਆ ਦੇ ਉਸਾਰੂ ਹੱਲ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਨੁੱਖ ਅੰਦਰ ਚੇਤਨਾ ਪੈਦਾ ਕੀਤੀ ਜਾਵੇ ਕਿ ਕੁਦਰਤ ਨਾਲ ਟੱਕਰ ਲੈਣ ਦੀ ਬਜਾਇ, ਉਸ ਨੂੰ ਸਹਿਯੋਗੀ ਬਣਾ ਕੇ ਵਿਚਰਿਆ ਜਾਵੇ। ਸਿਆਣੇ ਕਹਿੰਦੇ ਹਨ ਇਲਾਜ ਨਾਲੋਂ ਪਰਹੇਜ਼ ਚੰਗਾ। ਅਸੀਂ ਪਹਿਲਾਂ ਤਾਂ ਆਪਣੀ ਅਣਗਹਿਲੀ ਤੇ ਲਾਲਸਾ ਵੱਸ ਵਾਤਾਵਰਣ ਨੂੰ ਵਿਗਾੜ ਲਿਆ ਹੈ ਤੇ ਫਿਰ ਇਸ ਦਾ ਇਲਾਜ ਪੁੱਛਦੇ ਫਿਰ ਰਹੇ ਹਾਂ। ਇਹ ਵੀ ਸੱਚ ਹੈ ਕਿ ਕਿਸੇ ਕੌਮ ਜਾਂ ਦੇਸ਼ ਦੀ ਸਮਾਜਿਕ-ਆਰਥਿਕ ਖੁਸ਼ਹਾਲੀ ਲਈ ਵਿਕਾਸ ਕਾਰਜਾਂ ਦੀ ਲੋੜ ਹੈ। ਵਿਕਾਸ ਕਾਰਜਾਂ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੁਦਰਤ ਨੇ ਸਾਰੇ ਸਰੋਤ ਮਨੁੱਖੀ ਤੇ ਪ੍ਰਾਣੀ ਜਗਤ ਲਈ ਹੀ ਪੈਦਾ ਕੀਤੇ ਹਨ। ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਦੀ ਵਰਤੋਂ ਸੁਚੱਜੇ ਢੰਗ ਨਾਲ ਕੀਤੀ ਜਾਵੇ। ਦੂਜਾ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਫਾਲਤੂ ਪਦਾਰਥਾਂ ਨੂੰ ਵਾਤਾਵਰਣ ਦੇ ਕੁਦਰਤੀ ਢੰਗ ਰਾਹੀਂ ਹੀ ਬਿਲੇ ਲਗਾਇਆ ਜਾਵੇ ਜਿਸ ਨਾਲ ਵਾਤਾਵਰਣ ਦੀ ਸ਼ੁੱਧਤਾ ਬਣੀ ਰਹੇ। ਇਹ ਵੀ ਨਹੀਂ ਕਿ ਵਿਕਾਸ ਕਾਰਜ ਬੰਦ ਕਰ ਦਿੱਤੇ ਜਾਣ ਪਰ ਵਾਤਾਵਰਣੀ ਪ੍ਰਣਾਲੀ ਨਾਲ ਲੋੜ ਤੋਂ ਵੱਧ ਖਿਲਵਾੜ ਨਾ ਕੀਤਾ ਜਾਵੇ। ਇਹ ਤਾਂ ਹੀ ਹੋ ਸਕਦਾ ਹੈ ਕਿ ਜੇ ਸੁਆਰਥੀ ਸੋਚ ਨੂੰ ਤਿਆਗ ਕੇ ਪਰਮਾਰਥੀ ਪਹੁੰਚ ਅਪਣਾਈ ਜਾਵੇ ਤੇ ਸਰਬੱਤ ਦੇ ਭਲੇ ਦੇ ਉਦੇਸ਼ ਨੂੰ ਸਾਹਮਣੇ ਰੱਖਿਆ ਜਾਵੇ।
ਦਾਨਸ਼ਵਰ ਲੋਕ ਕਥਨੀ ਨਾਲੋਂ ਕਰਨੀ ਵਿਚ ਵਧੇਰੇ ਵਿਸ਼ਵਾਸ ਰੱਖਦੇ ਹਨ। ਸਾਨੂੰ ਸ਼ੀਸ਼ੇ ਦੇ ਘਰਾਂ ਅੰਦਰ ਸੋਫਿਆਂ ਉਤੇ ਬੈਠ ਕੇ ਅਖੌਤੀ ਰੂਪ ਵਿਚ ਵਾਤਾਵਰਣ ਦੀ ਸੰਭਾਲ ਦੀਆਂ ਟਾਹਰਾਂ ਮਾਰਨ ਦੀ ਬਜਾਇ ਕੁਦਰਤੀ ਨਿਜ਼ਾਮ ਵਿਚ ਆਪਣੇ ਸਥਾਨ ਤੇ ਰੋਲ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਅਸੀਂ ਆਪ ਤਾਂ ਕਾਰਾਂ ’ਤੇ ਚੜ੍ਹੀ ਫਿਰ ਰਹੇ ਹਾਂ ਅਤੇ ਲੋਕਾਂ ਨੂੰ ਮੱਤਾਂ ਦਿੰਦੇ ਹਾਂ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਾਈਕਲ ਦੀ ਵਰਤੋਂ ਕੀਤੀ ਜਾਵੇ।
ਵਾਤਾਵਰਣ ਨੂੰ ਸਾਫ ਸੁਥਰਾ ਤੇ ਸਿਹਤਮੰਦ ਰੱਖਣ ਲਈ ਇਕ ਵੱਖਰੀ ਤਰ੍ਹਾਂ ਦੀ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ ਜਿਸ ਵਿਚ ਸੰਭਾਲ, ਸੰਕੋਚ ਤੇ ਸੰਜਮ ਵਰਗੇ ਸਰੋਕਾਰਾਂ ਨੂੰ ਉਭਾਰਿਆ ਜਾਵੇ। ਸਾਨੂੰ ਤਕਨਾਲੋਜੀ ਦੇ ਲਾਭਾਂ ਵੱਲ ਨਹੀਂ ਝਾਕਣਾ ਚਾਹੀਦਾ। ਸੁਖ ਰਹਿਣੇ ਮਿਜਾਜ਼ ਨੇ ਸਾਨੂੰ ਵਿਹਲੜ ਤੇ ਰੋਗੀ ਬਣਾ ਦਿੱਤਾ ਹੈ। ਸਾਨੂੰ ਮਸ਼ੀਨਾਂ ਦੀ ਬੇਲੋੜੀ ਵਰਤੋਂ ਘਟਾ ਕੇ ਉਸ  ਦੀ ਥਾਂ ਆਪ ਕੰਮ ਕਰਨ ਦੀ  ਆਦਤ ਪਾਉਣ ਦੀ ਲੋੜ ਹੈ। ਅੱਜ ਇਹ ਚੇਤਨਾ ਪੈਦਾ ਕਰਨ ਦੀ ਲੋੜ ਹੈ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਵਾਲੀ ਪ੍ਰਣਾਲੀ ਨੂੰ ਅਪਣਾਇਆ ਜਾਵੇ। ਭੂ-ਮੰਡਲ, ਵਾਯੂ ਮੰਡਲ ਤੇ ਜੀਵ-ਮੰਡਲ ਦੀ ਸੰਭਾਲ ਲਈ ਸੂਝਵਾਨ ਪ੍ਰਬੰਧ ਕੀਤੇ ਜਾਣ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਧਰਤੀ ਦਾ ਸਿਆਣਾ ਪ੍ਰਾਣੀ ‘ਮਨੁੱਖ’ ਵਾਤਾਵਰਣੀ ਸਮਤੋਲ ਦੀ ‘ਲਛਮਣ ਰੇਖਾ’ ਪਾਰ ਨਾ ਕਰੇ। ਹੁਣ ਤਕ ਮਨੁੱਖ ਵਿਕਾਸ ਦੇ ਨਾਮ ’ਤੇ ਜੋ ਵੀ ਯੋਜਨਾਬੰਦੀ ਕਰਦਾ ਰਿਹਾ ਹੈ, ਉਸ ਵਿਚੋਂ ਵਾਤਾਵਰਣੀ ਸੰਭਾਲ ਮਨਫੀ ਰਹੀ ਹੈ। ਕੁਦਰਤ ਮਨੁੱਖ ਤੇ ਪ੍ਰਾਣੀ ਮੰਡਲ ਲਈ ਹੈ ਤੇ ਮਨੁੱਖ ਕੁਦਰਤ ਲਈ ਹੈ। ਇਸ ਜੀਵਨ ਧਾਰਾ ਨੂੰ ਬਣਾਈ ਰੱਖਣ ਲਈ ਕੁਦਰਤੀ ਸੰਭਾਲ ਵਾਲੇ ਸਭਿਆਚਾਰ ਨੂੰ ਸਥਾਪਤ ਕਰਨ ਦੀ ਲੋੜ ਹੈ।
ਅਜੋਕੇ ਸੰਦਰਭ ਵਿਚ ਤਕਨਾਲੋਜੀ ਨੂੰ ਕੁਦਰਤੀ ਸੰਭਾਲ ਦੇ ਪੱਖ ਵਿਚ ਵਿਕਸਤ ਕਰਨ ਦੀ ਲੋੜ ਹੈ। ਕੁਦਰਤ ਸੰਗ ਸਹਿਹੋਂਦ ਤੇ ਇਕਸੁਰਤਾ ਵਾਲਾ ਵਰਤਾਰਾ ਪੈਦਾ ਕੀਤਾ ਜਾਵੇ। ਜੇਕਰ ਹਰ ਦੇਸ਼ ਤੇ ਹਰ ਬਸ਼ਰ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਆਪਣੇ ਉਦਯੋਗਿਕ ਘਰੇਲੂ ਤੇ ਖੇਤੀਬਾੜੀ ਕਾਰਜਾਂ ਦੀ  ਰਹਿੰਦ-ਖੂੰਹਦ ਤੇ ਕੂੜੇ-ਕਰਕਟ ਨੂੰ ਕੁਦਰਤੀ ਢੰਗ ਨਾਲ ਸਮੇਟਣ ਦੀ ਜ਼ਿੰਮੇਵਾਰੀ ਮਹਿਸੂਸ ਕਰ ਲਵੇ ਤਾਂ ਅੱਧੀ ਸਮੱਸਿਆ ਹੱਲ ਹੋ ਜਾਂਦੀ ਹੈ। ਸਾਡਾ ਅਕੀਦਾ, ਵਿਸ਼ਵਾਸ ਤੇ ਜੀਵਨ-ਜਾਚ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਵਾਲੀ ਹੋਣੀ ਚਾਹੀਦੀ ਹੈ।
ਲੋੜ ਹੈ ਕਿ ਗਿਣਤੀਆਂ-ਮਿਣਤੀਆਂ ਵਿਚੋਂ ਬਾਹਰ ਨਿਕਲ ਕੇ ਕੁਦਰਤ  ਸੰਗ ਜੀਵਨ ਬਤੀਤ ਕਰੀਏ। ਕੇਵਲ ਰੁੱਖ ਲਗਾਈਏ ਹੀ ਨਾ ਸਗੋਂ ਵਾਤਾਵਰਣ ਅਨੁਕੂਲਿਤ ਕਮਰਿਆਂ ਵਿਚੋਂ ਬਾਹਰ ਨਿਕਲ ਕੇ ਰੁੱਖਾਂ ਹੇਠ ਬੈਠਣ ਦਾ ਮਾਣ ਮਹਿਸੂਸ ਕਰੀਏ। ਲੋਕਾਂ ਨੂੰ ਮੱਤਾਂ ਦੇਣ ਦੀ ਥਾਂ ਆਪ ਅਮਲ ਕਰੀਏ ਤਾਂ ਕਿ ਲੋਕ ਇਸ ਦੀ ਰੀਸ ਕਰਨ। ਇਸ ਕਾਰਜ ਲਈ ਸਾਨੂੰ ਨਿੱਜੀ ਤੇ ਸਵਾਰਥੀ ਹਿੱਤਾਂ ਦੀ ਕੁਰਬਾਨੀ ਦੇਣੀ ਪਵੇਗੀ। ਸਾਰੇ ਸਮਾਜ ਨੂੰ ‘ਈਕੋ ਕਲੱਬਾਂ’  ਨਾਲ ਜੋੜ ਕੇ ਇਸ ਦੇ ਅਨੁਸਾਰੀ ਆਪਣੇ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਕਾਰਜ ਕਰੀਏ। ਆਉਣ ਵਾਲੀਆਂ ਪੀੜ੍ਹੀਆਂ ਲਈ ਪਦਾਰਥਕ ਸੰਪਤੀ ਜੋੜਨ ਦੀ ਬਜਾਇ ਕੁਦਰਤੀ ਸੰਪਤੀ ਜੋੜ ਕੇ ਜਾਈਏ। ਅੱਜ ਦੀ ਸਭ ਤੋਂ ਅਹਿਮ ਲੋੜ ਇਹੀ ਹੈ ਕਿ ਅਸੀਂ ਵਾਤਾਵਰਣ ਨੂੰ ਜਿਵੇਂ ਸਹਿਜੇ-ਸਹਿਜੇ ਵਿਗਾੜਨ ਦਾ ਗੁਨਾਹ ਕੀਤਾ ਹੈ, ਇਵੇਂ ਹੀ ਸਹਿਜੇ-ਸਹਿਜੇ ਇਸ ਨੂੰ ਸੰਵਾਰਨ ਦਾ ਸਾਂਝਾ ਉੱਦਮ ਕਰੀਏ ਤਾਂ ਕਿ ਆਉਣ ਵਾਲੇ ਭਵਿੱਖ ਵਿਚ ਕੁਦਰਤ ਤੇ ਕਾਦਰ ਦੋਵੇਂ ਸਾਡੇ ਨਾਲ ਹੋਣ।

2 comments:

  1. ..was really helpful..thnx 2 whosoeva created it ;)

    ReplyDelete
  2. thanks it really helped me to do my work

    ReplyDelete