Friday, June 10, 2011

ਨਕਸਲਵਾਦੀ ਹਿੰਸਾ ਅਤੇ ਅੰਦਰੂਨੀ ਸੁਰੱਖਿਆ

ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿਚ ਮਾਓਵਾਦੀ ਹਮਲੇ ਦੇ ਇਕ ਮਹੀਨੇ ਬਾਅਦ 8 ਮਈ ਨੂੰ ਨਕਸਲੀਆਂ ਨੇ ਬਸਤਰ ਇਲਾਕੇ ਦੇ ਬੀਜ਼ਾਪੁਰ ’ਚ ਬਾਰੂਦੀ ਸੁਰੰਗ ਨਾਲ ਧਮਾਕਾ ਕਰਕੇ ਸੀ.ਆਰ.ਪੀ.ਐਫ. ਦੇ ਇਕ ਵਾਹਨ ਨੂੰ ਉਡਾ ਦਿੱਤਾ। ਇਸ ਹਮਲੇ ’ਚ ਸੀ.ਆਰ.ਪੀ.ਐਫ. ਦੇ 9 ਜਵਾਨ ਸ਼ਹੀਦ ਹੋਏ। ਇਸ ਤੋਂ ਪਹਿਲਾਂ 6 ਅਪਰੈਲ, 2010 ਨੂੰ ਦਾਂਤੇਵਾੜਾ ਦੇ ਚਿੰਤਲਨਾਰ ਇਲਾਕੇ ’ਚ ਨਕਸਲੀਆਂ  ਦੇ ਹਮਲੇ ਵਿਚ 76 ਸੁਰੱਖਿਆ ਕਰਮੀ ਸ਼ਹੀਦ ਹੋ ਗਏ ਸਨ। ਮੰਗਲਵਾਰ ਦੇ ਇਸ ਹਮਲੇ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਗਿਆ ਸੀ। ਇਸ ਹਮਲੇ ਤੋਂ ਸਿਰਫ 24 ਘੰਟੇ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਨਕਸਲੀਆਂ ਨੂੰ ਦੋ ਜਾਂ ਤਿੰਨ ਸਾਲਾਂ ਵਿਚ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਚਿੰਤਲਨਾਰ ਕੈਂਪ ਤੋਂ ਸਿਰਫ ਤਿੰਨ ਕਿਲੋਮੀਟਰ ਦੂਰ ਸੀ.ਆਰ.ਪੀ.ਐਫ. ਸਰਚ ਪਾਰਟੀ ਉਪਰ ਹੋਏ ਇਸ ਹਮਲੇ ਵਿਚ 1000 ਦੇ ਕਰੀਬ ਨਕਸਲੀ ਸ਼ਾਮਲ ਸਨ।
ਨਕਸਲੀਆਂ ਦੇ 6 ਅਪਰੈਲ ਅਤੇ 8 ਮਈ ਦੇ ਹਮਲਿਆਂ ਦੀ ਗੰੂਜ ਸਾਰੇ ਦੇਸ਼ ਵਿਚ ਸੁਣੀ ਜਾ ਰਹੀ ਹੈ। ਕੇਂਦਰ ਦੀ ਕਾਂਗਰਸ ਅਤੇ ਛੱਤੀਸਗੜ੍ਹ ਦੀ ਭਾਜਪਾ ਸਰਕਾਰ ਦੇ ਕੋਲ ਇਸ ਦਾ ਕੋਈ ਹੱਲ ਨਹੀਂ ਦਿੱਸਦਾ। ਫਿਰ ਨਕਸਲੀਆਂ ਦੇ ਮਨਸੂਬੇ ਕਿੰਨੇ ਖ਼ਤਰਨਾਕ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੀ.ਆਰ.ਪੀ.ਐਫ. ਦਾ ਅਤਿ-ਆਧੁਨਿਕ ਐਂਟੀ ਮਾਈਨ ਵਾਹਨ ਹੀ ਨਕਸਲੀਆਂ ਨੇ ਉੱਡਾ ਦਿੱਤਾ। ਇਸ ਵਾਹਨ ਦੀ ਵਰਤੋਂ ਜ਼ਮੀਨ ਹੇਠਾਂ ਦੱਬੀਆਂ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਨਾਕਾਮ ਕਰਨ ਲਈ ਕੀਤੀ ਜਾਂਦੀ ਸੀ।
ਮਾਓਵਾਦੀਆਂ/ਨਕਸਲੀਆਂ ਨੇ ਸਰਕਾਰ ਦੀ ਨਕਸਲ ਵਿਰੋਧੀ ਮੁਹਿੰਮ ਦੀ ਠੀਕ ਉਸੇ ਰਾਜ ਛੱਤੀਸਗੜ੍ਹ ’ਚ ਧੱਜੀਆਂ ਉੱਡਾ ਦਿੱਤੀਆਂ ਜਿੱਥੇ ਉਹ ਹੋਰ ਰਾਜਾਂ ਦੀ ਤੁਲਨਾ ਵਿਚ ਸਫਲ ਮੰਨਿਆ ਜਾ ਰਿਹਾ ਸੀ। ਬਸਤਰ ’ਚ ਦਾਂਤੇਵਾੜਾ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿਚ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਸੁਰੱਖਿਆ ਇਲਾਕੇ ਵਿਚ ਬੁਲਾਉਣ ਦਾ ਜਾਲ ਵਿਛਾਇਆ ਅਤੇ ਇਕ ਤੋਂ ਵੱਧ ਕੰਪਨੀਆਂ ਉਨ੍ਹਾਂ ਦੇ ਜਾਲ ਵਿਚ ਫਸਦੀਆਂ ਗਈਆਂ ਅਤੇ ਉਹ ਝਾਂਸਾ ਦੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਦੇ ਰਹੇ। ਛੱਤੀਸਗੜ੍ਹ ਦੇ ਸਾਬਕਾ ਸੁਰੱਖਿਆ ਸਲਾਹਕਾਰ ਕੇ.ਪੀ.ਐਸ. ਗਿੱਲ ਨੇ ਕਿਹਾ, ‘‘ਨਕਸਲੀ ਹਮਲਾ ਫਲਾਪ ਰਣਨੀਤੀ ਅਤੇ ਘਟੀਆ ਖ਼ੁਫ਼ੀਆ ਤੰਤਰ ਦਾ ਨਤੀਜਾ ਹੈ। ਇਕ ਹਜ਼ਾਰ ਤੋਂ ਵੱਧ ਨਕਸਲੀਆਂ ਦੀ ਮੌਜੂਦਗੀ ਦੀ ਖ਼ਬਰ ਜੇ ਖੁਫ਼ੀਆ ਤੰਤਰ ਨੂੰ ਨਹੀਂ ਮਿਲ ਸਕੀ ਤਾਂ ਇਸ ਤੋਂ ਵੱਧ ਨਕਾਰਾਪਣ ਕੀ ਹੋ ਸਕਦਾ ਹੈ।’’
ਇਨ੍ਹਾਂ ਨਕਸਲੀ ਹਮਲਿਆਂ ਵਿਚ ਸਾਡੇ ਸੁਰੱਖਿਆ ਤੰਤਰ ਦੀ ਨਾਕਾਮੀ ਕਾਫੀ ਗੰਭੀਰ ਹੈ। ਇੰਨਾ ਵੱਡਾ ਹਮਲਾ ਨਕਸਲੀ ਬਿਨਾਂ ਤਿਆਰੀ ਦੇ ਰਾਤੋ-ਰਾਤ ਨਹੀਂ ਕਰ ਸਕਦੇ। ਆਖ਼ਰ ਅਸੀਂ ਕਿਹੋ ਜਿਹਾ ‘ਅਪਰੇਸ਼ਨ ਗਰੀਨ ਹੰਟ’ ਚਲਾ ਰਹੇ ਹਾਂ ਜਿਸ ਤੋਂ ਸਾਨੂੰ ਇੰਨੇ ਵੱਡੇ ਪੈਮਾਨੇ ’ਤੇ ਨਕਸਲੀ ਗਤੀਵਿਧੀਆਂ ਅਤੇ ਤਿਆਰੀਆਂ ਦੀ ਕੋਈ ਜਾਣਕਾਰੀ ਨਹੀਂ ਮਿਲਦੀ। ਫਿਰ ਆਂਧਰਾ ਨਾਲ ਲਗਦੀ ਸੀਮਾ ਨਾਲ ਲਗਦਾ ਇਹ ਇਲਾਕਾ ਮਾਓਵਾਦੀਆਂ ਦਾ ਗੜ੍ਹ ਰਿਹਾ ਹੈ ਜਿੱਥੇ  ਪਹਿਲਾਂ ਵੀ ਵੱਡੀਆਂ ਵਾਰਦਾਤਾਂ ਹੋਈਆਂ ਸਨ। ਇੱਥੇ ਹੀ ਬਸ ਨਹੀਂ ਸੁਰੱਖਿਆ ਬਲਾਂ ਨੂੰ ਫਸਾਉਣ ਵਾਸਤੇ ਉਨ੍ਹਾਂ ਕੋਈ ਨਵਾਂ ਤਰੀਕਾ ਵੀ ਨਹੀਂ ਅਪਣਾਇਆ। ਠੀਕ ਇਸੇ ਤਰੀਕੇ ਨਾਲ ਘਾਤ ਲਗਾ ਕੇ ਉਹ ਪਹਿਲਾਂ ਵੀ ਹਮਲੇ ਕਰ ਰਹੇ ਹਨ। ਇਸ ਤਰ੍ਹਾਂ ਸੁਰੱਖਿਆ ਬਲਾਂ ਨੇ ਥੋੜ੍ਹੀ ਜਿਹੀ ਹੀ ਚੌਕਸੀ ਵਰਤੀ ਹੁੰਦੀ ਤਾਂ ਇੰਨੀ ਵੱਡੀ ਗਿਣਤੀ ’ਚ ਜਵਾਨਾਂ ਦੀਆਂ ਜਾਨਾਂ ਨਾ ਜਾਂਦੀਆਂ।
ਲਾਲਗੜ੍ਹ ਤੋਂ ਲੈ ਕੇ ਦਾਂਤੇਵਾੜਾ ਤੱਕ ਨਕਸਲੀ ਹਮਲਿਆਂ ਦੀ ਸਫਲਤਾ ਦੇ ਪਿੱਛੇ ਇਕ ਹੀ ਕਹਾਣੀ ਹੈ ਅਤੇ ਉਹ ਹੈ ਸਾਡੇ ਸੁਰੱਖਿਆ ਬਲਾਂ ਦੀ ਚੌਕਸੀ ਅਤੇ ਤਿਆਰੀ ਦੀ ਘਾਟ। ਦੇਸ਼ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਲੋੜ ਹੈ ਕੇਂਦਰ ਅਤੇ ਪ੍ਰਭਾਵਿਤ ਰਾਜ ਨਕਸਲੀ ਹਮਲਿਆਂ ਲਈ ਇਕ-ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਆਪਸੀ ਤਾਲਮੇਲ ਬਣਾ ਹਿੰਸਾ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਸੰਕਲਪ ਲੈਣ। ਖ਼ੈਰ ਨਕਸਲੀ ਘਟਨਾਵਾਂ ਸਿਰਫ ਛੱਤੀਸਗੜ੍ਹ ’ਚ ਹੀ ਨਹੀਂ ਹੋ ਰਹੀਆਂ ਮਹਾਰਾਸ਼ਟਰ ਅਤੇ ਬਿਹਾਰ ਤੋਂ ਨਕਸਲੀ ਹਿੰਸਾ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਜੋ ਦੱਸਦੀਆਂ ਹਨ ਕਿ ਨਕਸਲੀਆਂ ਦਾ ਨੈੱਟਵਰਕ ਕਿੰਨਾ ਦੂਰ-ਦਰਾਜ ਤੱਕ ਫੈਲਿਆ ਅਤੇ ਮਜ਼ਬੂਤ ਹੈ। ਦੁਖ ਭਰੀ ਹੈਰਾਨੀ ਹੈ ਕਿ ਲਗਾਤਾਰ ਹੋ ਰਹੀਆਂ ਇਹ ਹਿੰਸਕ ਗਤੀਵਿਧੀਆਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਅਤੇ ਇਸ ਅੰਦਰੂਨੀ ਸੁਰੱਖਿਆ ਦੀ ਸਭ ਤੋਂ ਅਹਿਮ ਚੁਣੌਤੀ ਦੇ ਸਾਹਮਣੇ ਕੇਂਦਰ ਅਤੇ ਰਾਜ ਸਰਕਾਰਾਂ ਲਗਪਗ ਨਤਮਸਤਕ ਹਨ। ਜਦਕਿ 20 ਰਾਜ ਅਤੇ ਦੇਸ਼ ਦੇ 223 ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਹਨ। ਇਨ੍ਹਾਂ 6 ਅਪਰੈਲ ਅਤੇ 8 ਮਈ ਦੇ ਨਕਸਲੀ ਹਮਲਿਆਂ ਤੋਂ ਇਲਾਵਾ 15 ਫਰਵਰੀ, 2010 ਨੂੰ ਪੱਛਮੀ ਬੰਗਾਲ ਦੇ ਸਿਲਦਾ ’ਚ ਅਰਧ-ਸੈਨਿਕ ਬਲਾਂ ਦੇ ਕੈਂਪ ’ਤੇ ਹਮਲਾ ਕਰਕੇ 24 ਜਵਾਨ ਸ਼ਹੀਦ ਕਰ ਦਿੱਤੇ ਸਨ। ਇਸੇ ਤਰ੍ਹਾਂ 12 ਜੁਲਾਈ, 2009 ਨੂੰ ਛੱਤੀਸਗੜ੍ਹ ਦੇ ਰਾਜਨੰਦਗਾਂਵ ’ਤੇ ਹਮਲਾ ਕਰਕੇ 30 ਜਵਾਨ ਸ਼ਹੀਦ ਕਰ ਦਿੱਤੇ ਸਨ। 29 ਜੂਨ, 2008 ਨੂੰ ਉੜੀਸਾ ਦੇ ਮਲਕਾਨਗਿਰੀ ’ਚ ਐਂਟੀ ਨਕਸਲ ਫੋਰਸ ’ਤੇ ਹਮਲਾ ਕਰਕੇ 50 ਜਵਾਨ ਸ਼ਹੀਦ ਕਰ ਦਿੱਤੇ ਸਨ। 15 ਮਾਰਚ, 2007 ਨੂੰ ਛੱਤੀਸਗੜ੍ਹ ਵਿਚ ਬੀਜਾਪੁਰ ਦੀ ਰਾਣੀਬਾਦੀ ਚੌਕੀ ’ਤੇ ਹਮਲਾ ਕਰਕੇ 55 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸੇ ਤਰ੍ਹਾਂ 17 ਜੁਲਾਈ, 2006 ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਵਿਚਲੇ ਰਾਹਤ ਕੈਂਪ ’ਤੇ ਹਮਲਾ ਕਰਕੇ 29 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਕੇਂਦਰ ਤੇ ਨਕਸਲੀ ਪ੍ਰਭਾਵਿਤ ਰਾਜਾਂ ਦਰਮਿਆਨ ਬਿਹਤਰ ਤਾਲਮੇਲ, ਸਰਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਣਾ ਯਕੀਨੀ ਬਣਾਉਣਾ ਅਤੇ ਸੁਰੱਖਿਆ ਬਲਾਂ ਉਪਰ ਜਨਤਾ ਦਾ ਭਰੋਸਾ ਬਹਾਲ ਕਰਕੇ ਨਕਸਲੀ ਕਹਿਰ ਨੂੰ ਨੱਥ ਪਾਈ ਜਾ ਸਕੇਗੀ।

No comments:

Post a Comment