Sunday, June 5, 2011

ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਨ

ਸਾਲ 2009 ਦਾ ਵੱਕਾਰੀ ਸਰਸਵਤੀ ਸਨਮਾਨ ਪੰਜਾਬੀ ਦੇ ਸਿਰਕੱਢ ਸ਼ਾਇਰ ਸੁਰਜੀਤ ਪਾਤਰ ਦੀ ਕਾਵਿ ਪੁਸਤਕ ‘ਲਫ਼ਜ਼ਾਂ ਦੀ ਦਰਗਾਹ’ (2003) ਨੂੰ ਮਿਲਿਆ ਹੈ। ਕੌਮੀ ਪੱਧਰ ਦਾ ਇਹ ਸਨਮਾਨ ਬਿਰਲਾ ਫਾਊਂਡੇਸ਼ਨ ਵੱਲੋਂ ਦੇਸ਼ ਦੀਆਂ 24 ਭਾਸ਼ਾਵਾਂ ਵਿਚੋਂ ਇਕ ਦੇ ਸਾਹਿਤਕ ਹਸਤਾਖਰ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਸ ਸਨਮਾਨ ਵਿਚ ਪੰਜ ਲੱਖ ਰੁਪਏ, ਸ਼ੋਭਾ ਪੱਤਰ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ। 1991 ਵਿਚ ਸ਼ੁਰੂ ਹੋਇਆ ਇਹ ਸਨਮਾਨ ਤੀਜੀ ਵਾਰ ਪੰਜਾਬੀ ਸਾਹਿਤ ਦੇ ਵਿਹੜੇ ਆਇਆ ਹੈ। 1994 ਵਿਚ ਡਾ. ਹਰਿਭਜਨ ਸਿੰਘ ਅਤੇ 2001 ਵਿਚ ਬੀਬੀ ਦਲੀਪ ਕੌਰ ਟਿਵਾਣਾ ਨੂੰ ਇਹ ਮਾਣ ਹਾਸਲ ਹੋਇਆ ਸੀ। 19 ਸਾਲਾਂ ਵਿਚ ਤਿੰਨ ਵਾਰ ਇਹ ਸਨਮਾਨ ਪੰਜਾਬੀ ਦੀ ਝੋਲੀ ਪੈਣਾ ਮਾਣ ਵਾਲੀ ਗੱਲ ਹੈ। ਇਹ ਸਨਮਾਨ ਹਾਸਲ ਕਰਨ ਵਾਲਿਆਂ ਵਿਚ ਡਾ. ਹਰਿਵੰਸ਼ ਰਾਏ ਬੱਚਨ, ਮਰਾਠੀ ਨਾਟਕਕਾਰ ਵਿਜੇ ਤੇਂਦੁਲਕਰ, ਮਲਿਆਲਮ ਕਵਿੱਤਰੀ ਬਾਲਮਨੀ ਅੰਮਾ, ਬੰਗਾਲੀ ਨਾਵਲਕਾਰ ਸੁਨੀਲ ਗੰਗੋਪਾਧਿਆਏ, ਉਰਦੂ ਆਲੋਚਕ ਸ਼ਮਸ-ਉਰ-ਰਹਿਮਾਨ ਫ਼ਾਰੂਕੀ, ਉੜੀਆ ਸ਼ਾਇਰ ਰਮਾਕਾਂਤ ਰਾਠ, ਸੰਸਕ੍ਰਿਤ ਕਵੀ ਜੀ.ਸੀ. ਪਾਂਡੇ ਵਰਗੇ ਲੇਖਕ ਸ਼ਾਮਲ ਹਨ। ਸ਼ਾਇਰ ਸੁਰਜੀਤ ਪਾਤਰ (14 ਜਨਵਰੀ, 1945) ਨੇ ਇਹ ਸਨਮਾਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਨਮਾਨ ਉਸ ਬੋਲੀ ਦਾ ਸਨਮਾਨ ਹੈ ਜਿਸ ਨੂੰ ਬਾਬਾ ਨਾਨਕ , ਬਾਬਾ ਫਰੀਦ ਅਤੇ ਹੋਰ ਅਜਿਹੇ ਅਣਗਿਣਤ ਸ਼ਾਇਰਾਂ ਨੇ ਅਮੀਰ ਕੀਤਾ।
ਦਰਅਸਲ ਇਹ ਸਨਮਾਨ ਪੰਜਾਬੀ ਸਾਹਿਤਕਾਰਾਂ ਦੀ ਉਸ ਪੀੜ੍ਹੀ ਦਾ ਸਨਮਾਨ ਹੈ ਜਿਹੜੀ ਦੇਸ਼ ਦੇ ਆਜ਼ਾਦੀ ਦੇ ਨੇੜੇ-ਤੇੜੇ ਪੈਦਾ ਹੋਈ ਅਤੇ ਸੱਤਰਵਿਆਂ ਵਿਚ ਪ੍ਰਵਾਨ ਚੜ੍ਹੀ। ਉਸ ਵੇਲੇ ਦੇਸ਼ ਪੱਧਰ ‘ਤੇ ਹੀ ਨਹੀਂ, ਸੰਸਾਰ ਪੱਧਰ ਉੱਤੇ ਨੌਜਵਾਨ ਆਪਣੀਆਂ ਤਕਦੀਰਾਂ ਆਪਣੇ ਹੱਥਾਂ ਨਾਲ ਲਿਖਣ ਲਈ ਘਰਾਂ ਦੀਆਂ ਦਹਿਲੀਜ਼ਾਂ ਪਾਰ ਕਰ ਚੁੱਕੇ ਸਨ। ਸੰਸਾਰ ਭਰ ਵਿਚ ਨੌਜਵਾਨਾਂ ਦਾ ਵਿਦਰੋਹ ਪਰਵਾਜ਼ ਭਰ ਰਿਹਾ ਸੀ। ਪੰਜਾਬ ਵਿਚ ਇਹ ਕੰਮ ਜੁਝਾਰੂ ਸਾਹਿਤਕਾਰਾਂ ਦੇ ਹਿੱਸੇ ਆਇਆ। ਬਾਅਦ ਵਿਚ ਇਹ ਦੌਰ ਜੁਝਾਰਵਾਦੀ ਸਾਹਿਤ ਦੇ ਦੌਰ ਵਜੋਂ ਇਤਿਹਾਸ ਦਾ ਹਿੱਸਾ ਬਣਿਆ। ਸੁਰਜੀਤ ਪਾਤਰ ਇਸ ਦੌਰ ਦੇ ਅਹਿਮ ਕਵੀ ਵਜੋਂ ਸਾਹਮਣੇ ਆਇਆ। ਉਸ ਦੌਰ ਦੇ ਹੋਰ ਕਵੀਆਂ ਵਿਚੋਂ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਜਗਤਾਰ, ਗੁਰਦੀਪ ਗਰੇਵਾਲ, ਕਰਨੈਲ ਬਾਗ਼ੀ, ਅਮਰਜੀਤ ਚੰਦਨ ਤੇ ਹੋਰ ਕਵੀਆਂ ਨੇ ਸ਼ਾਇਰੀ ਦੇ ਖੇਤਰ ਵਿਚ ਭਰਪੂਰ ਹਾਜ਼ਰੀ ਲਵਾਈ ਪਰ ਸੁਰਜੀਤ ਪਾਤਰ ਨੇ ਜਿਸ ਢੰਗ ਨਾਲ ਪੰਜਾਬੀ ਸਾਹਿਤ ਦਾ ਸਰੋਦੀ ਮੰਚ ਸੰਭਾਲਿਆ, ਉਸ ਦੀ ਕੋਈ ਰੀਸ ਨਹੀਂ। ਉਸ ਦੀ ਸ਼ਾਇਰੀ ਵਿਚੋਂ ਗੁਰਬਾਣੀ ਵਾਲਾ ਨਿਹਚਾ ਅਤੇ ਸੂਫ਼ੀ ਕਾਵਿ ਵਾਲੀ ਮਸਤੀ ਝਲਕਾਰੇ ਮਾਰਦੀ ਹੈ। 1947 ਵਿਚ ਦੇਸ਼ ਦੀ ਆਜ਼ਾਦੀ ਵੇਲੇ ਹੋਈ ਫ਼ਿਰਕੂ ਵੱਢ-ਟੁੱਕ ਅਤੇ ਫ਼ਿਰ ਅੱਸੀਵੇਂ ਦਹਾਕੇ ਦੌਰਾਨ ਬੁਨਿਆਦਪ੍ਰਸਤਾਂ ਦੀ ਮਾਰ-ਧਾੜ ਕਾਰਨ ਪੰਜਾਬ ਉੱਤੇ ਪਏ ਸੰਕਟ ਨੂੰ ਜਿਸ ਤਰ੍ਹਾਂ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ, ਉਸ ਤੋਂ ਦਰਦ ਸਿੰਮਦਾ ਦਿਸਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਵੱਡੀ ਪ੍ਰਾਪਤੀ ਗ਼ਜ਼ਲ ਦੇ ਖੇਤਰ ਵਿਚ ਪਾਇਆ ਯੋਗਦਾਨ ਹੈ। ਇਨ੍ਹਾਂ ਨੌਜਵਾਨਾਂ ਦੇ ਦੌਰ ਤੋਂ ਪਹਿਲਾਂ ਗ਼ਜ਼ਲ ਦਾ ਮਤਲਬ ‘ਮਹਿਬੂਬ ਨਾਲ ਗੱਲਾਂਬਾਤਾਂ’ ਹੀ ਸੀ ਪਰ ਸੁਰਜੀਤ ਪਾਤਰ ਨੇ ‘ਅਸੀਂ ਤਾਂ ਸਦਾ ਖੂਨ ‘ਚ ਡੁੱਬ ਕੇ ਲਿਖੀ ਹੈ ਗ਼ਜ਼ਲ’ ਲਿਖ ਕੇ ਗ਼ਜ਼ਲ ਦੀਆਂ ਨਾੜਾਂ ਵਿਚ ਸਮਾਜਕ-ਸਿਆਸੀ ਵਿਦਰੋਹ ਵਾਲਾ ਰੋਹ ਭਰਿਆ। ਉਸ ਦੀਆਂ ਪੁਸਤਕਾਂ ‘ਹਵਾ ਵਿਚ ਲਿਖੇ ਹਰਫ਼’, ‘ਹਨੇਰੇ ਵਿਚ ਸੁਲਗਦੀ ਵਰਣਮਾਲਾ’, ‘ਬਿਰਖ਼ ਅਰਜ਼ ਕਰੇ’, ‘ਪੱਤਝੜ ਦੀ ਪਾਜ਼ੇਬ’ ਅਤੇ ‘ਸੁਰਜ਼ਮੀਨ’ ਵਿਚ ਜੜੇ ਸ਼ਬਦ ਅਤੇ ਇਨ੍ਹਾਂ ਸ਼ਬਦਾਂ ਵਿਚ ਪਰੋਇਆ ਦਰਦ ਇਸ ਦੀਆਂ ਗਵਾਹ ਹਨ। ਸਰਸਵਤੀ ਸਨਮਾਨ ਨਾਲ ਇਸ ਦਰਦ ਦੀ ਹੀ ਤਸਦੀਕ ਹੋਈ ਹੈ।

No comments:

Post a Comment