Sunday, June 5, 2011

ਪਾਣੀ ਦੀ ਸੰਭਾਲ

ਧਰਤੀ ’ਤੇ 1400 ਮਿਲੀਅਨ ਕਿਊਬਕ ਮੀਟਰ ਪਾਣੀ ਹੈ ਜਿਸ ਦਾ 2.5 ਫੀਸਦੀ ਹਿੱਸਾ ਸਿਰਫ ਪੀਣਯੋਗ ਹੈ। ਕੁੱਲ ਪਾਣੀ ਦਾ 1.5 ਫੀਸਦੀ ਹਿੱਸਾ, ਜਿਸ ਵਿਚ ਝੀਲਾਂ, ਦਰਿਆਵਾਂ ਅਤੇ ਜ਼ਮੀਨਦੋਜ਼ ਪਾਣੀ ਸ਼ਾਮਲ ਹੈ, ਮਨੁੱਖ ਅਤੇ ਸਮੁੱਚੀ ਕਾਇਨਾਤ ਦੀ ਵਰਤੋਂ ਲਈ ਮੌਜੂਦ ਹੈ। ਮਨੁੱਖ ਦੀ ਆਪਣੀ ਬਣਤਰ ਦਾ 70% ਹਿੱਸਾ ਪਾਣੀ ਹੈ। ਜੇ ਮਨੁੱਖੀ ਸਰੀਰ ਵਿੱਚੋਂ ਇਹ ਮਾਤਰਾ 5% ਘਟ ਜਾਵੇ ਤਾਂ ਬੇਚੈਨੀ, 10% ਘਟ ਜਾਵੇ ਤਾਂ ਚੱਲਣ-ਫਿਰਨ ਤੋਂ ਅਸਮਰੱਥ ਅਤੇ ਜੇ 20% ਘਟ ਜਾਵੇ ਤਾਂ ਮੌਤ ਹੋਣੀ ਸੁਭਾਵਿਕ ਹੈ। ਇਸੇ ਕਾਰਨ ਮਨੁੱਖੀ ਸੱਭਿਆਤਾਵਾਂ ਦਾ ਵਿਕਾਸ ਨਦੀਆਂ ਦਰਿਆਵਾਂ ਕੰਢੇ ਹੁੰਦਾ ਆਇਆ। ਆਬਾਦੀ ਦੇ ਵਾਧੇ ਨੇ ਇਨ੍ਹਾਂ ਜਲ ਸਰੋਤਾਂ ਨੂੰ ਸੀਮਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਨੁੱਖ ਨੇ ਖੂਹਾਂ, ਬਾਊਲੀਆਂ ਅਤੇ ਹੁਣ ਟਿਊਬਵੈੱਲਾਂ ਰਾਹੀਂ ਭੂ-ਜਲ ਨੂੰ ਵਰਤਣਾ ਸ਼ੁਰੂ ਕੀਤਾ।
ਸੰਯੁਕਤ ਰਾਸ਼ਟਰ ਨੇ ਪਾਣੀਆਂ ਦੀ ਲਗਾਤਾਰ ਘਟ ਰਹੀ ਮਾਤਰਾ ਨੂੰ ਗੰਭੀਰਤਾ ਨਾਲ ਲੈਂਦਿਆਂ ਦਸੰਬਰ 2003 ਵਿਚ 2005-2015 ਤਕ ਦੇ ਦਹਾਕੇ ਨੂੰ ‘ਜ਼ਿੰਦਗੀ ਲਈ ਪਾਣੀ ਜ਼ਰੂਰੀ’ ਦੇ ਨਾਅਰੇ ਵਜੋਂ ਮਨਾਉਣ ਲਈ ਇਕ ਮਤਾ ਪਾਸ ਕੀਤਾ ਅਤੇ ਸਮੂਹ ਮੈਂਬਰ ਦੋਸ਼ਾਂ ਤੋਂ ਇਹ ਵਚਨ ਲਿਆ ਕਿ ਉਕਤ ਦਹਾਕੇ ਦੇ ਅੰਤ ਤਕ ਉਹ ਵਸੋਂ, ਜਿਸ ਨੂੰ ਪੀਣਯੋਗ ਸਾਫ਼ ਪਾਣੀ ਨਹੀਂ ਮਿਲ ਰਿਹਾ, ਦੀ ਗਿਣਤੀ ਹਰ ਹਾਲਤ ਵਿਚ ਘਟਾ ਕੇ ਅੱਧ ਤਕ ਲੈ ਕੇ ਆਉਣਗੇ। ਚੰਗੀ ਸਿਹਤ ਅਤੇ ਵਧੀਆ ਜ਼ਿੰਦਗੀ ਲਈ ਰੋਜ਼ਾਨਾ 25 ਲਿਟਰ ਪਾਣੀ ਵਿਅਕਤੀ ਦੀ ਮੁੱਢਲੀ ਜ਼ਰੂਰਤ ਹੈ।
ਸੰਯੁਕਤ ਰਾਸ਼ਟਰ ਮੰਨਦਾ ਹੈ ‘‘ਪਾਣੀ ਜ਼ਰੂਰਤ ਨਹੀਂ, ਮਨੁੱਖੀ ਅਧਿਕਾਰ ਹੈ’’ ਜਿਸ ’ਤੇ ਸਮੁੱਚੀ ਲੋਕਾਈ ਦਾ ਅਧਿਕਾਰ ਹੈ। ਕੋਈ ਦੇਸ਼ ਜਾਂ ਵਿਅਕਤੀ ਵਿਸ਼ੇਸ਼ ਸਿਰਫ ਪੈਸੇ ਦੀ ਚਮਕ ਨਾਲ ਇਸ ਨੂੰ ਖਰੀਦ ਨਹੀਂ ਸਕਦਾ। ਜੀਵਨ-ਰੇਖਾ ਦਾ ਆਧਾਰ ਹੋਣ ਕਾਰਨ ਇਸ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਬਚਾਏ  ਰੱਖਣਾ ਸਮੁੱਚੇ ਸੰਸਾਰ ਦਾ ਫਰਜ਼ ਹੈ। ਮਨੁੱਖੀ ਕਿਰਿਆਵਾਂ ਦੁਆਰਾ ਇਸ ਨੂੰ ਗੰਧਲਾ ਕੀਤੇ ਜਾਣਾ ਇਕ ਵੱਡੀ ਚੁਣੌਤੀ ਬਣ ਰਿਹਾ ਹੈ।
ਸੰਯੁਕਤ ਰਾਸ਼ਟਰ ਦੀ ਸੰਸਾਰ ਦੇ ਸ਼ਹਿਰਾਂ ਸਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੰਨ 2030 ਤਕ ਸ਼ਹਿਰਾਂ ਦੀ ਵਸੋਂ ਵਿੱਚ 160 ਫੀਸਦੀ ਤਕ ਵਾਧਾ ਹੋ ਸਕਦਾ ਹੈ ਅਤੇ ਸੰਸਾਰ ਦੇ 25 ਸ਼ਹਿਰਾਂ ਦੀ ਆਬਾਦੀ 10 ਮਿਲੀਅਨ ਤੋਂ ਵਧ ਸਕਣ ਦਾ ਅਨੁਮਾਨ ਹੈ। ਭਾਰਤ ਦੀ ਮੌਜੂਦਾ ਆਬਾਦੀ ਵਿੱਚ ਵੀ 21 ਮਿਲੀਅਨ ਹੋਰ ਲੋਕਾਂ ਦਾ ਵਾਧਾ ਅਗਲੇ 10 ਸਾਲ ਵਿੱਚ ਹੋਵੇਗਾ।  ਰਿਪੋਰਟ ਵਿੱਚ ਅੱਗੇ ਲਿਖਿਆ ਹੈ ਕਿ ਅੱਜ ਵੀ ਸੰਸਾਰ ਦੇ 31 ਦੇਸ਼ ਪਾਣੀ ਦੀ ਥੁੜ ਤੋਂ ਪ੍ਰਭਾਵਿਤ ਹਨ ਅਤੇ ਆਏ 20 ਸਾਲਾਂ ਬਾਅਦ ਪਾਣੀ ਦੀ ਮੰਗ  ਦੁੱਗਣੀ ਹੋ ਜਾਣ ਕਾਰਨ ਸਰਮਾਏਦਾਰ ਦੇਸ਼ਾਂ ਨੇ ਪਾਣੀ ਨੂੰ ਹੁਣ ‘ਚੀਜ਼’ ਵਜੋਂ ਪ੍ਰਚਾਰ ਕੇ ਇਸ ਕੁਦਰਤੀ ਸੋਮੇ ਨੂੰ ਬੋਤਲਬੰਦ ਕਰ ਕੇ ਅਰਬਾਂ-ਖਰਬਾਂ ਡਾਲਰਾਂ ਦਾ ਵਪਾਰ ਸ਼ੁਰੂ ਕੀਤਾ ਹੋਇਆ ਹੈ।
ਪਾਣੀ ਪੱਖੋਂ ਦੋ ਭਿਆਨਕ ਸਿੱਟੇ ਅੱਜ ਸਾਹਮਣੇ ਆ ਰਹੇ ਹਨ: ਇਕ ਹੈ ਪਾਣੀ ਦੀ ਥੁੜ੍ਹ ਅਤੇ ਦੂਜਾ ਪਾਣੀ ਦਾ ਪ੍ਰਦੂਸ਼ਣ। ਮੈਕਸੀਕੋ ਅਤੇ ਅਮਰੀਕਾ ਦੇ ਦਰਮਿਆਨ  ਬਣਿਆ 3400 ਕਿਲੋਮੀਟਰ ਲੰਬਾ ਐਕਸਪੋਰਟ ਪ੍ਰਾਸੈਸਿੰਗ ਜ਼ੋਨ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਜਲ-ਦੂਸ਼ਿਤ ਖੇਤਰ ਹੈ, ਜਿੱਥੇ ਸਿਰਫ 12 ਫੀਸਦੀ ਲੋਕ ਹੀ ਸਵੱਛ ਪਾਣੀ ਪੀਣ ਦੇ ਸਮਰੱਥ ਹਨ। ਸੰਸਾਰ ਦੀ ਅੱਧੀ ਵਸੋਂ ਕੋਲ ਅੱਜ ਵੀ ਪੀਣ ਯੋਗ ਸਵੱਛ ਪਾਣੀ ਉਪਲਬਧ  ਨਹੀਂ। ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਕਾਰਨ ਹਰ ਸਾਲ ਸੰਸਾਰ ਪੱਧਰ ’ਤੇ 25 ਮਿਲੀਅਨ ਮੌਤਾਂ ਹੋ ਰਹੀਆਂ ਹਨ।
ਪਾਣੀਆਂ ਦੀ ਇਸ ਕਾਣੀ ਵੰਡ ਅਤੇ ਗਰੀਬ ਦੇਸ਼ਾਂ ਦੁਆਰਾ ਸੰਯੁਕਤ ਰਾਸ਼ਟਰ ਵਿੱਚ ਵੱਖ-ਵੱਖ ਸਮੇਂ ਉਠਾਏ ਗਏ ਇਨ੍ਹਾਂ ਮੁੱਦਿਆਂ ਕਾਰਨ ਹੀ 2005 ਤੋਂ 2015 ਤਕ ਦਾ ਦਹਾਕਾ ਪਾਣੀਆਂ ਨੂੰ ਸਮਰਪਤ ਕੀਤਾ ਗਿਆ ਸੀ। ਅੱਜ ਇਸ ਦਹਾਕੇ ਦਾ ਅੱਧ ਬੀਤ ਚੁੱਕਾ ਹੈ ਅਤੇ ਜਿਸ ਉਦੇਸ਼ ਨੂੰ ਲੈ ਕੇ ਇਹ ਦਹਾਕਾ ਮਿੱਥਿਆ ਗਿਆ ਸੀ ਉਸ ਦੇ ਟੀਚਿਆਂ ਦਾ ਅੱਧ ਤਾਂ ਕੀ ਉਸ ਦਾ 10 ਫੀਸਦੀ ਵੀ ਅਸੀਂ ਪ੍ਰਾਪਤ ਨਹੀਂ ਕਰ ਸਕੇ। ‘ਜ਼ਿੰਦਗੀ ਲਈ ਪਾਣੀ ਜ਼ਰੂਰੀ’ ਦੇ ਨਾਅਰੇ ਨੂੰ ਲੈ ਕੇ ਸ਼ੁਰੂ ਹੋਇਆ ਇਹ ਦਹਾਕਾ 2015 ਵਿੱਚ ਵੀ ਟੀਚੇ ਪ੍ਰਾਪਤ ਕਰਨ ਤੋਂ ਅਸਮਰੱਥ ਰਹੇਗਾ ਕਿਉਂਕਿ ਹੁਣ ਸੰਸਾਰ ਦੇ ਵੱਡੇ ਸਰਮਾਏਦਾਰ ਦੀ ਅੱਖ ਵਿੱਚ ਪਾਣੀ ਇਕ ‘ਨੀਲੇ ਸੋਨੇ’ ਵਜੋਂ ਚਮਕ ਰਿਹਾ ਹੈ।
ਪਾਣੀ ਇਕੱਲੇ ਮਨੁੱਖ ਦਾ ਹੀ  ਨਹੀਂ, ਸਮੁੱਚੀ ਕਾਇਨਾਤ, ਜੀਵ ਭਿੰਨਤਾ ਅਤੇ ਜੈਵਿਕਤਾ ਦੀ ਜਾਇਦਾਦ ਹੈ। ਕੁਦਰਤ ਨੇ ਮਨੁੱਖ ਨੂੰ ਸਮਝਦਾਰ ਇਸ ਕਰ ਕੇ ਵਿਕਸਤ ਕੀਤਾ ਸੀ ਕਿ ਇਹ ਕੁਦਰਤ ਨਾ ਇਕਸੁਰ ਰਹਿ ਸਾਰੀ ਕਾਇਨਾਤ ਦਾ ਪਾਲਣਹਾਰ ਬਣੇਗਾ ਨਾ ਕਿ ਵਿਨਾਸ਼ਕਾਰ। ਇਹ ਧਰਤੀ ਇਕ ਕੁਦਰਤੀ-ਪ੍ਰਯੋਗਸ਼ਾਲਾ ਹੈ ਜਿੱਥੇ ਕੋਈ ਚੀਜ਼ ਵਿਅਰਥ ਨਹੀਂ ਜਾਂਦੀ ਬਲਕਿ ਇਕ ਦਾ ਵੇਸਟ ਦੂਜੇ ਦੀ ਜੀਵਨ ਰੇਖਾ ਹੈ। ਇਹੋ ਕੁਦਰਤ ਦੇ ਨਿਰੰਤਰ ਵਿਕਾਸ ਦਾ ਨਿਯਮ ਹੈ। ਕੁਦਰਤ ਦੀ ਇਸ ਪ੍ਰਯੋਗਸ਼ਾਲਾ ਲਈ ਜੇ ਕਿਸੇ ਉਤਪ੍ਰੇਰਕ ਦੀ ਜ਼ਰੂਰਤ ਹੈ ਤਾਂ  ਉਹ ਪਾਣੀ ਹੈ। ਇਸ ਨੂੰ ਨਿਰਮਲ  ਰੱਖਣਾ, ਬਚਾਉਣਾ ਤੇ ਸਾਂਭਣਾ ਸਾਡਾ ਸਾਰਿਆਂ ਦਾ ਫਰਜ਼ ਹੈ।

No comments:

Post a Comment