ਭਰੂਣ ਹੱਤਿਆ ਦਾ ਰੁਝਾਨ ਤਕਰੀਬਨ ਤਿੰਨ ਦਹਾਕਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਸ ਬਾਬਤ ਠੋਸ ਅੰਕੜੇ ਪੇਸ਼ ਕਰਨਾ ਹਮੇਸ਼ਾਂ ਔਖਾ ਕੰਮ ਸਮਝਿਆ ਜਾਂਦਾ ਰਿਹਾ ਹੈ। ਪਿਛਲੇ ਤਿੰਨ ਦਹਾਕਿਆਂ ਦੇ ਮਰਦਮਸ਼ੁਮਾਰੀ ਅਤੇ ਨੈਸ਼ਨਲ ਫੈਮਿਲੀ ਹੈਲਥ ਸਰਵੇਖਣਾਂ ਦੇ ਅੰਕੜਿਆਂ ਦਾ ਅਧਿਐਨ ਕਰਕੇ ਲਾਂਸੈੱਟ ਨੇ ਅੰਦਾਜ਼ਾ ਲਗਾਇਆ ਹੈ ਕਿ ਤਕਰੀਬਨ ਤੀਹ ਸਾਲਾਂ ਵਿੱਚ 45 ਲੱਖ ਕੁੜੀਆਂ ਦਾ ਭਰੂਣ ਹਾਲਤ ਵਿੱਚ ਕਤਲ ਕੀਤਾ ਗਿਆ ਹੈ। ਅਧਿਐਨ ਮੁਤਾਬਕ 1980 ਤੋਂ 1990 ਦਰਮਿਆਨ 10 ਲੱਖ, 1990 ਤੋਂ 2000 ਦਰਮਿਆਨ 26 ਲੱਖ ਅਤੇ 2000 ਤੋਂ 2010 ਦੌਰਾਨ ਦਰਮਿਆਨ 9 ਲੱਖ ਕੁੜੀਆਂ ਭਰੂਣ ਹੱਤਿਆ ਦੀ ਭੇਟ ਚੜ੍ਹੀਆਂ ਹਨ। ਇਸ ਅਧਿਐਨ ਦਾ ਅਹਿਮ ਨਿਚੋੜ ਇਹ ਹੈ ਕਿ ਅਮੀਰ, ਸਰਦੇ-ਪੁੱਜਦੇ ਅਤੇ ਪੜ੍ਹੇ-ਲਿਖੇ ਤਬਕੇ ਵਿੱਚ ਭਰੂਣ ਹੱਤਿਆ ਦਾ ਰੁਝਾਨ ਜ਼ਿਆਦਾ ਹੈ। ਗ਼ਰੀਬ ਤਬਕੇ ਵਿੱਚ ਲਿੰਗ ਅਨੁਪਾਤ ਪਹਿਲਾਂ ਵਾਲਾ ਹੀ ਕਾਇਮ ਹੈ ਪਰ ਅਮੀਰ ਤਬਕੇ ਵਿੱਚ ਲਗਾਤਾਰ ਮਰਦ-ਪੱਖੀ ਹੋ ਰਿਹਾ ਹੈ। ਜੇ ਕਿਸੇ ਜੋੜੇ ਦੇ ਪਹਿਲਾਂ ਕੁੜੀ ਹੈ ਤਾਂ ਦੂਜੀ ਕੁੜੀ ਹੋਣ ਦੀ ਸੰਭਾਵਨਾ ਜਾਂ ਦੂਜੇ ਬੱਚੇ ਦੇ ਮੁੰਡਾ ਹੋਣ ਦੀ ਹਾਲਤ ਵਿੱਚ ਪਹਿਲੇ ਅਤੇ ਦੂਜੇ ਬੱਚੇ ਵਿਚਕਾਰਲੇ ਸਮੇਂ ਨੂੰ ਅਧਿਐਨ ਦੀ ਬੁਨਿਆਦ ਬਣਾਇਆ ਗਿਆ ਹੈ। ਅਮੀਰ ਮਾਪਿਆਂ ਦੇ ਮਾਮਲੇ ਵਿੱਚ ਪਹਿਲੀ ਕੁੜੀ ਤੋਂ ਬਾਅਦ ਮੁੰਡੇ ਹੋਣ ਦੀ ਸੰਭਾਵਨਾ ਜ਼ਿਆਦਾ ਹੋਣ ਦੀ ਪੁਸ਼ਟੀ ਅੰਕੜੇ ਕਰਦੇ ਹਨ। ਜੇ ਪਹਿਲੀ ਕੁੜੀ ਹੋਣ ਤੋਂ ਬਾਅਦ ਮੁੰਡਾ ਹੋਣ ਵਿੱਚ ਜ਼ਿਆਦਾ ਸਮਾਂ ਹੈ ਤਾਂ ਮੰਨਿਆ ਗਿਆ ਹੈ ਕਿ ਇਸ ਦੌਰਾਨ ਭਰੂਣ ਹੱਤਿਆਵਾਂ ਹੋਈਆਂ ਹਨ। ਮਰਦਮਸ਼ੁਮਾਰੀ ਅਤੇ ਦੂਜੇ ਅਧਿਐਨਾਂ ਦੇ ਅੰਕੜਿਆਂ ਤੋਂ ਜਾਪਦਾ ਹੈ ਕਿ ਗ਼ਰੀਬ ਤਬਕੇ ਵਿੱਚ ਪਹਿਲੀ ਕੁੜੀ ਤੋਂ ਬਾਅਦ ਦੂਜੀ ਕੁੜੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਸਵਾਲ ਇਹ ਹੈ ਕਿ ਅਜਿਹੀ ਧਾਰਨਾ ਰਾਹੀਂ ਕੀਤੇ ਅਧਿਐਨ ਦੇ ਅੰਕੜਿਆਂ ਨੂੰ ਅੰਦਾਜ਼ਿਆਂ ਤੋਂ ਠੋਸ ਤੱਥਾਂ ਵਜੋਂ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ? ਇਹ ਠੀਕ ਹੈ ਕਿ ਅਜਿਹੀ ਧਾਰਨਾ ਕਿਸੇ ਹੋਰ ਸੰਯੋਗ ਜਾਂ ਕਾਰਨ ਦੀ ਸੰਭਾਵਨਾ ਨੂੰ ਰੱਦ ਕਰਦੀ ਹੈ। ਭਰੂਣ ਹੱਤਿਆ ਦਾ ਰੁਝਾਨ ਭਾਰੂ ਹੋਣ ਕਾਰਨ ਜਿਨ੍ਹਾਂ ਜੋੜਿਆਂ ਦੇ ਪਹਿਲੀ ਕੁੜੀ ਤੋਂ ਬਾਅਦ ਮੁੰਡਾ ਦੇਰ ਨਾਲ ਹੁੰਦਾ ਹੈ ਉਹ ਸ਼ੱਕ ਦੇ ਘੇਰੇ ਵਿੱਚ ਹਨ। ਸ਼ੱਕ ਦੇ ਇਸ ਘੇਰੇ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਲਮੀ ਪੱਧਰ ਉੱਤੇ ਸਾਡੇ ਮੁਲਕ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੂੰ ਸਮਝਣ ਲਈ ਕਿਹੜੀਆਂ ਧਾਰਨਾਵਾਂ ਨੂੰ ਕਸਵੱਟੀ ਬਣਾਇਆ ਜਾ ਰਿਹਾ ਹੈ।
ਲਾਂਸੈੱਟ ਦੇ ਅਧਿਐਨ ਵਿੱਚ ਇਹ ਵੀ ਨਿਚੋੜ ਕੱਢਿਆ ਗਿਆ ਹੈ ਕਿ ਭਰੂਣ ਹੱਤਿਆ ਖ਼ਿਲਾਫ਼ ਕੀਤੀਆਂ ਗਈਆਂ ਕਾਨੂੰਨੀ ਪੇਸ਼ਬੰਦੀਆਂ ਨਾਕਾਮਯਾਬ ਸਾਬਤ ਹੋਈਆਂ ਹਨ। ਇਸ ਅਧਿਐਨ ਨੂੰ ਕਰਨ ਦਾ ਅਹਿਮ ਮਕਸਦ ਇਹ ਸਿੱਧ ਕਰਨਾ ਸੀ ਕਿ ਛੇ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਕੁੜੀਆਂ ਦੀ ਘੱਟ ਗਿਣਤੀ 2001 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਦਰਜ ਹੋਈ ਸੀ ਪਰ ਇਹ ਰੁਝਾਨ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ। ਇਸ ਸਮੇਂ ਦੇ ਅੰਕੜਿਆਂ ਨਾਲ ਹੀ ਭਰੂਣ ਹੱਤਿਆ ਦਾ ਸ਼ਿਕਾਰ ਹੋਈਆਂ ਕੁੜੀਆਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਅਧਿਐਨ ਵਿੱਚ ਦਰਜ ਹੋਇਆ ਹੈ ਕਿ ਪਹਿਲੇ ਬੱਚਿਆਂ ਦੀ ਗਿਣਤੀ ਵਿੱਚ ਲਿੰਗ ਤਵਾਜ਼ਨ ਵਿੱਚ ਕੋਈ ਤਬਦੀਲੀ ਨਹੀਂ ਆਈ। ਪਹਿਲਾਂ ਮੁੰਡਾ ਹੋਣ ਦੀ ਹਾਲਤ ਵਿੱਚ ਦੂਜੇ ਬੱਚਿਆਂ ਦੇ ਲਿੰਗ ਤਵਾਜ਼ਨ ਵਿੱਚ ਵੀ ਤਬਦੀਲੀ ਨਹੀਂ ਆਈ। ਇਨ੍ਹਾਂ ਤੱਥਾਂ ਤੋਂ ਦੋ ਨਤੀਜੇ ਸਿੱਧੇ ਨਿਕਲਦੇ ਹਨ।ਅਮੀਰ ਤਬਕਾ ਪਹਿਲੀ ਕੁੜੀ ਹੋਣ ਤੋਂ ਬਾਅਦ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਦੂਜਾ ਮੁੰਡਾ ਹੀ ਹੋਵੇ। ਦੂਜਾ, ਜ਼ਿਆਦਾਤਰ ਲੋਕਾਂ ਨੂੰ ਕੁੜੀ ਦੇ ਪੈਦਾ ਹੋਣ ਨਾਲ ਸਮੱਸਿਆ ਨਹੀਂ ਹੈ ਪਰ ਉਹ ਮੁੰਡਾ ਜ਼ਰੂਰ ਪੈਦਾ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਪੱਤਰ ਮੋਹ ਦੇ ਨਤੀਜੇ ਵਜੋਂ ਹੁੰਦੀਆਂ ਭਰੂਣ ਹੱਤਿਆਵਾਂ ਦੇ ਕਾਰਨ ਆਧੁਨਿਕ ਤਕਨੀਕ ਜਾਂ ਕਾਨੂੰਨੀ ਪੇਸ਼ਬੰਦੀਆਂ ਵਿੱਚੋਂ ਭਾਲਣ ਦਾ ਉਪਰਾਲਾ ਨਜ਼ਰਸਾਨੀ ਦੀ ਮੰਗ ਕਰਦਾ ਹੈ। ਇਸ ਦੀਆਂ ਜੜ੍ਹਾਂ ਪਿਤਾ-ਪੁਰਖੀ ਕਦਰਾਂ-ਕੀਮਤਾਂ ਤੋਂ ਲੈ ਕੇ ਜਾਇਦਾਦ ਦੀ ਮਲਕੀਅਤ ਅਤੇ ਵਿਰਾਸਤ ਨਾਲ ਜੁੜੀਆਂ ਹੋਈਆਂ ਹਨ। ਔਰਤ ਦਾ ਦੋਇਮ ਦਰਜੇ ਦਾ ਸਮਾਜਿਕ ਰੁਤਬਾ ਅਤੇ ਕਰੂਰ ਤੋਂ ਮਹੀਨ ਹਿੰਸਾ ਦਾ ਰੁਝਾਨ ਭਰੂਣ ਹੱਤਿਆ ਪਿੱਛੇ ਸਰਗਰਮ ਸੋਚ ਨੂੰ ਮਜ਼ਬੂਤ ਕਰਦਾ ਹੈ। ਔਰਤ ਲਈ ਮਰਦ ਦੇ ਬਰਾਬਰ ਦਾ ਸਮਾਜਿਕ ਰੁਤਬਾ ਯਕੀਨੀ ਬਣਾ ਕੇ ਭਰੂਣ ਹੱਤਿਆ ਖ਼ਿਲਾਫ਼ ਠੋਸ ਪੇਸ਼ਬੰਦੀ ਕੀਤੀ ਜਾ ਸਕਦੀ ਹੈ। ਇਸ ਕੰਮ ਦੀ ਜ਼ਿੰਮੇਵਾਰੀ ਸਿਰਫ਼ ਕਾਨੂੰਨ ਜਾਂ ਮਾਪਿਆਂ ਉੱਤੇ ਨਹੀਂ ਪੈਂਦੀ ਸਗੋਂ ਸਮਾਜ ਦੀ ਸੋਚ ਉੱਤੇ ਅਸਰਅੰਦਾਜ਼ ਹੋਣ ਵਾਲੇ ਹਰ ਅਦਾਰੇ ਸਿਰ ਪੈਂਦੀ ਹੈ। ਸੁਹਿਰਦ ਸੰਵਾਦ ਔਰਤ-ਮਰਦ ਦੀ ਸਮਾਜਿਕ ਬਰਾਬਰੀ ਦਾ ਧੁਰਾ ਸਾਬਤ ਹੋ ਸਕਦਾ ਹੈ ਜੋ ਭਰੂਣ ਹੱਤਿਆ ਦੇ ਰੁਝਾਨ ਨੂੰ ਰੋਕਣ ਵਿੱਚ ਫ਼ੈਸਲਾਕੁਨ ਸਾਬਤ ਹੋ ਸਕਦਾ ਹੈ। ਇਸ ਤੋਂ ਬਿਨਾਂ ਸਾਡੇ ਸਮਾਜ ਨੂੰ ਸ਼ੱਕ ਦੇ ਘੇਰੇ ਵਿੱਚੋਂ ਨਹੀਂ ਕੱਢਿਆ ਜਾ ਸਕਦਾ ਸਗੋਂ ਅੰਦਾਜ਼ਿਆਂ ਨੂੰ ਹੀ ਤੱਥ ਮੰਨਿਆ ਜਾਵੇਗਾ।

No comments:
Post a Comment