Friday, June 10, 2011

ਭੋਜਨ ਸੁਰੱਖਿਆ

ਭੋਜਨ ਸੁਰੱਖਿਆ ਦਾ ਮਤਲਬ ਭੋਜਨ ਦੀ ਉਪਲਬਧਤਾ ਅਤੇ ਹਰ ਮਨੁੱਖ ਦੀ ਇਸ ਤਕ ਪਹੁੰਚ ਹੈ। ਪਿਛਲੀ ਸਦੀ ਦੇ ਪੰਜਾਹਵੇਂ ਅਤੇ ਸੱਠਵੇਂ ਦਹਾਕੇ ਤੋਂ ਸ਼ੁਰੂ ਹੋਈਆਂ ਖੇਤੀ ਖੋਜਾਂ ਸਦਕਾ ਦੁਨੀਆਂ ਭਰ ਵਿਚ ਆਏ ਹਰੇ ਇਨਕਲਾਬ ਨੇ ਗਰੀਬ ਅਤੇ ਅਮੀਰ ਮੁਲਕਾਂ ਵਿਚ ਵੱਖੋ-ਵੱਖਰਾ ਪ੍ਰਭਾਵ ਪਾਇਆ ਅਤੇ ਭੋਜਨ ਸੁਰੱਖਿਆ ਦਾ ਇਨਕਲਾਬੀ ਕੰਮ ਕੀਤਾ, ਪ੍ਰੰਤੂ ਇਸ ਦੇ ਬਾਵਜੂਦ ਅੱਜ ਦੀ ਦੁਨੀਆਂ ਦੇ 1.02 ਬਿਲੀਅਨ ਲੋਕਾਂ ਨੂੰ ਸਰੀਰਕ ਜ਼ਰੂਰਤਾਂ ਤੋਂ ਘੱਟ ਮਾੜੀ ਖੁਰਾਕ ਨਸੀਬ ਹੁੰਦੀ ਹੈ ਅਤੇ 860 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹਨ, ਜਿਨ੍ਹਾਂ ਵਿਚੋਂ 830 ਮਿਲੀਅਨ ਲੋਕ ਸਿਰਫ ਵਿਕਾਸਸ਼ੀਲ ਮੁਲਕਾਂ ਦੇ     ਹਨ, ਜਿਨ੍ਹਾਂ ਵਿਚ ਹਿੰਦੁਸਤਾਨ ਵੀ ਸ਼ਾਮਲ ਹੈ, ਜਿੱਥੇ ਸਾਲਾਨਾ 230 ਮਿਲੀਅਨ ਟਨ ਤੋਂ ਜ਼ਿਆਦਾ ਅਨਾਜ ਦੀ ਪੈਦਾਵਾਰ ਸਦਕਾ ਵੀ 30 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹਨ।
ਦੁਨੀਆਂ ਭਰ ਦੇ ਗਰੀਬ ਮੁਲਕਾਂ ਵਿਚ ਲਗਪਗ ਸਤਾਰਾਂ ਹਜ਼ਾਰ ਬੱਚੇ ਰੋਜ਼ਾਨਾ ਭੁੱਖਮਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਪਹੁੰਚਦੇ ਹਨ। ਮਾਹਿਰਾਂ ਅਨੁਸਾਰ ਭੋਜਨ ਸੁਰੱਖਿਆ ਦੀ ਦਰ ਮੌਜੂਦਾ ਸਮੇਂ ਦੀ ਦਰ ਨਾਲੋਂ ਕਿਸੇ ਵੀ ਹਾਲਤ ਵਿਚ ਵਧਾਈ ਨਹੀਂ ਜਾ ਸਕਦੀ। ਇਸ ਸਮੇਂ ਦੁਨੀਆਂ ਵਿਚ ਪ੍ਰਤੀ ਵਿਅਕਤੀ ਵੱਧ ਤੋਂ ਵੱਧ ਭੋਜਨ ਅਤੇ ਵੱਧ ਤੋਂ ਵੱਧ ਤੇਲ ਦੀ ਉਪਲਬਧਤਾ ਹੈ, ਜੋ ਕਿ ਹੁਣ ਘਟਣੀ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਿਆਨਕ ਰੂਪ ਅਖ਼ਤਿਆਰ ਕਰ ਸਕਦੀ ਹੈ, ਜਿਸ ਕਾਰਨ ਦੁਨੀਆਂ ਭਰ ਦੀ ਭੋਜਨ ਸੁਰੱਖਿਆ ਖਤਰੇ ਵਿਚ ਨਜ਼ਰ ਆ ਰਹੀ ਹੈ। ਇਸ ਦੇ ਹੇਠ ਲਿਖੇ ਵਿਗਿਆਨਕ ਕਾਰਨ ਹਨ:
ਪੈਦਾਵਾਰ ਵਿਚ ਖੜੋਤ: ਵਿਗਿਆਨੀਆਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਕਣਕ, ਝੋਨਾ ਅਤੇ ਅਨਾਜ ਦੀਆਂ ਦੂਸਰੀਆਂ ਸਾਰੀਆਂ ਫਸਲਾਂ ਦੇ ਝਾੜ ਆਪਣੇ ਸਿਖਰ ਉਪਰ ਹਨ, ਜਿਨ੍ਹਾਂ ਨੂੰ ਮੌਜੂਦਾ ਖੇਤੀ ਤਕਨੀਕਾਂ ਰਾਹੀਂ ਵਧਾਇਆ ਨਹੀਂ ਜਾ ਸਕਦਾ, ਜਦੋਂ ਕਿ ਵਧ ਰਹੀ ਆਬਾਦੀ ਕਾਰਨ ਭੋਜਨ ਦੀ ਮੰਗ ਨਿਰੰਤਰ ਵਧ ਰਹੀ ਹੈ, ਜਦੋਂ ਕਿ ਵਾਹੀਯੋਗ ਰਕਬਾ ਲਗਾਤਾਰ ਘਟ ਰਿਹਾ  ਹੈ। ਹਰ ਸਾਲ ਦੁਨੀਆਂ ਭਰ ਵਿਚ ਲਗਪਗ 20 ਮਿਲੀਅਨ ਏਕੜ ਜ਼ਮੀਨ ਵਾਹੀਯੋਗ ਰਕਬੇ ਵਿਚੋਂ ਨਿਕਲ ਕੇ ਸ਼ਹਿਰੀਕਰਨ, ਕਾਰਖਾਨਿਆਂ ਅਤੇ ਸੜਕਾਂ ਹੇਠ ਜਾ ਰਹੀ ਹੈ। ਹਰ ਸਾਲ ਦੁਨੀਆਂ ਦੇ ਹਰ ਮੁਲਕ ਅੰਦਰ ਆਬਾਦੀ, ਪੈਦਾਵਾਰ ਅਤੇ ਭੋਜਨ ਦੀ ਮੰਗ ਦਾ ਅਨੁਪਾਤ ਵਿਗੜ ਰਿਹਾ ਹੈ, ਜੋ ਕਿ ਆਉਣ ਵਲੇ ਸਮੇਂ ਵਿਚ ਭੋਜਨ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਹੈ।
ਵਾਤਾਵਰਣ ਵਿਚ ਤਬਦੀਲੀਆਂ:ਮਨੁੱਖ ਵੱਲੋਂ ਅਰਾਮਦਾਇਕ ਜ਼ਿੰਦਗੀ ਅਤੇ ਤਰੱਕੀ ਦੀ ਲਾਲਸਾ ਖਾਤਰ ਜੰਗਲਾਂ ਦੀ ਬੇਤਹਾਸ਼ਾ ਕਟਾਈ, ਕਾਰਖਾਨਿਆਂ ਦੇ ਫੈਲਾਏ ਜਾ ਰਹੇ ਜਾਲ ਅਤੇ ਵਧ ਰਹੇ ਟਰੈਫਿਕ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਕਾਰਨ ਗਲੋਬਲ ਵਾਰਮਿੰਗ ਦੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਅਤੇ ਹਵਾ ਵਿਚ ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਨਾਈਟਰਸ ਆਕਸਾਈਡ ਵਰਗੀਆਂ ਗੈਸਾਂ ਦੀ ਮਾਤਰਾ ਵੀ ਵਧ ਰਹੀ ਹੈ, ਜਿਸ ਕਾਰਨ ਧਰਤੀ ਦੀ ਤਪਸ਼ ਅਤੇ ਰੋਸ਼ਨੀ ਨੂੰ ਜਜ਼ਬ ਜਾਂ ਪਰਿਵਰਤਤ ਕਰਨ ਦੀ ਸਮਰਥਾ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਸਿੱਧਾ ਅਸਰ ਧਰਤੀ ’ਤੇ ਮੌਜੂਦ ਬਨਸਪਤੀ ਉਪਰ ਦੇਖਣ ਨੂੰ ਮਿਲ ਰਿਹਾ ਹੈ। ਵਾਤਾਵਰਣ ਵਿਚ ਉਪਰੋਕਤ ਤਬਦੀਲੀਆਂ ਸਦਕਾ ਸੰਨ 2030 ਤਕ ਅਫਰੀਕਾ ਦੀ ਮੁੱਖ ਫਸਲ ਮੱਕੀ ਦੀ 30 ਪ੍ਰਤੀਸ਼ਤ ਤਕ ਅਤੇ ਦੱਖਣੀ ਏਸ਼ੀਆ ਵਿਚ ਝੋਨੇ, ਬਾਜਰੇ ਅਤੇ ਮੱਕੀ ਦੀ 10 ਪ੍ਰਤੀਸ਼ਤ ਤਕ ਪੈਦਾਵਾਰ ਘਟਣ ਦੇ ਅਨੁਮਾਨ ਹਨ। ਯੂ.ਐਨ.ਦੀ ਇਕ ਰਿਪੋਰਟ ਮੁਤਾਬਕ ਹਿਮਾਲਿਆ ਪਰਬਤ ਦੇ ਬਰਫ਼ ਦੇ ਤੋਦੇ, ਜੋ ਕਿ ਏਸ਼ੀਅਨ ਮੁਲਕਾਂ ਦੇ ਵੱਡੇ-ਵੱਡੇ ਦਰਿਆਵਾਂ ਗੰਗਾ, ਬ੍ਰਹਮਪੁੱਤਰ, ਮੀਕੋਂਗ ਅਤੇ ਸਲਵੀਨ ਆਦਿ ਲਈ ਪਾਣੀ ਦੇ ਸਾਧਨ ਹਨ, ਦੇ ਵਾਤਾਵਰਣ ਵਿਚ ਤਬਦੀਲੀ ਸਦਕਾ ਸੰਨ 2035 ਤਕ ਲੋਪ ਹੋਣ ਦਾ ਖਤਰਾ ਹੈ, ਜੋ ਕਿ ਹਿੰਦੋਸਤਾਨ, ਚੀਨ, ਪਾਕਿਸਤਾਨ, ਅਫਗਾਨਿਸਤਾਨ, ਬੰਗਾਲਾਦੇਸ਼ ਅਤੇ ਮਿਆਂਮਾਰ ਵਰਗੇ ਦੇਸ਼ਾਂ ਲਈ ਖਤਰੇ ਦੀ ਘੰਟੀ ਹੈ। ਮੌਜੂਦਾ ਸਮੇਂ ਵੀ ਵਾਤਾਵਰਣ ਵਿਚ ਤਬਦੀਲੀਆਂ ਕਾਰਨ ਦੁਨੀਆਂ ਦੇ ਬਹੁਤ ਸਾਰੇ ਮੁਲਕ ਹੜ੍ਹਾਂ ਜਾਂ ਸੋਕੇ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਅਨਾਜ ਦੀ ਘੱਟ ਪੈਦਾਵਾਰ ਸਦਕਾ ਮਹਿੰਗਾਈ ਅਸਮਾਨ ਛੂਹ ਰਹੀ ਹੈ ਅਤੇ ਭੋਜਨ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਕਣਕ ਦੀ ਨਵੀਂ ਬਿਮਾਰੀ ਦਾ ਡਰ: ਕਣਕ ਦੇ ਤਣੇ ਦੀ ਕੁੰਗੀ ਨਾਂ ਦੀ ਬਿਮਾਰੀ ਦੀ ਨਵੀਂ ਕਿਸਮ, ਜੋ ਅਫਰੀਕੀ ਮੁਲਕ ਯੁਗਾਂਡਾ ਤੋਂ ਸ਼ੁਰੂ ਹੋਈ ਹੈ, ਤੇਜ਼ੀ ਨਾਲ ਦੂਸਰੇ ਮੁਲਕਾਂ ਵੱਲ ਵਧ ਰਹੀ ਹੈ। ਮੌਜੂਦਾ ਸਮੇਂ ਇਹ ਬਿਮਾਰੀ ਜਿਸ ਦਾ ਉੱਲੀਨਾਸ਼ਕ ਦਵਾਈਆਂ ਰਾਹੀਂ ਕੋਈ ਹੱਲ ਨਹੀਂ ਹੈ, ਪ੍ਰਤੀ ਵਿਗਿਆਨੀ ਬਹੁਤ ਚਿੰਤਤ ਹਨ, ਕਿਉਂਕਿ ਦੁਨੀਆਂ ਭਰ ਦੀਆਂ ਬਹੁਤੀਆਂ ਕਿਸਮਾਂ ਵਿਚ ਇਸ ਬਿਮਾਰੀ ਪ੍ਰਤੀ ਸਹਿਣਸ਼ਕਤੀ ਨਹੀਂ ਹੈ, ਜਿਸ ਕਾਰਨ ਅਫਰੀਕੀ ਅਤੇ ਏਸ਼ੀਅਨ ਮੁਲਕ, ਜੋ ਕਿ ਸੰਸਾਰ ਦੀ 37 ਪ੍ਰਤੀਸ਼ਤ ਕਣਕ ਪੈਦਾ ਕਰਦੇ ਹਨ, ਗੰਭੀਰ ਖਤਰੇ ਵਿਚ ਹਨ।
ਤੇਲ ਅਤੇ ਗੈਸ ਦੀ ਉਪਲਬਧਤਾ: ਖੇਤੀ ਵਿਚ ਮਸ਼ੀਨੀਕਰਨ ਸਦਕਾ ਅਤੇ ਕੁਦਰਤੀ ਗੈਸ ਤੋਂ ਬਣਨ ਵਾਲੇ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਬੇਤਹਾਸ਼ਾ ਵਰਤੋਂ ਕਾਰਨ ਖੇਤੀ ਖੇਤਰ ਲਈ ਤੇਲ ਦੀ ਮੰਗ ਵਿਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਤੇਲ ਦੀ ਮੰਗ ਵਿਚ ਭਾਰੀ ਵਾਧਾ ਹੋਣ ਦੇ ਸੰਕੇਤ ਹਨ। ਪ੍ਰੰਤੂ ਤੇਲ ਦੀ ਉਪਲਬਧਤਾ ਦੇ ਟੀਸੀ ਦੇ ਪੱਧਰ ਤੋਂ ਘਟਣ ਅਤੇ ਮੱਧ ਵਰਗੀ ਮੁਲਕਾਂ ਵਿਚ ਜਾਰੀ ਅਤਿਵਾਦੀ ਕਾਰਵਾਈਆਂ ਕਾਰਨ ਆਉਣ ਵਾਲੇ ਸਮੇਂ ਵਿਚ ਦੁਨੀਆਂ ਭਰ ਵਿਚ ਤੇਲ ਦੀ  ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜੋ ਕਿ ਸਨਅਤ     ਦੇ ਨਾਲ-ਨਾਲ ਦੁਨੀਆਂ ਦੀ ਭੋਜਨ ਸੁਰੱਖਿਆ ਲਈ ਗੰਭੀਰ ਚੁਣੌਤੀ ਹੈ।
ਸਰਮਾਏਦਾਰ ਮੁਲਕਾਂ ਦੇ ਪੈਂਤੜੇ: ਭਵਿੱਖ ਵਿਚ ਭੋਜਨ ਸੁਰੱਖਿਆ ਨੂੰ ਆ ਰਹੀਆਂ ਗੰਭੀਰ ਚੁਣੌਤੀਆਂ ਦੇ ਮੱਦੇਨਜ਼ਰ ਦੁਨੀਆਂ ਭਰ ਦੇ ਬਹੁਤ ਸਾਰੇ ਮੁਲਕਾਂ ਨੇ ਹੁਣੇ ਤੋਂ ਕਮਰਕੱਸੇ ਕੱਸਣੇ ਸ਼ੁਰੂ ਕਰ ਦਿੱਤੇ ਹਨ। ਉਪਰੋਕਤ ਸੰਕਟ ਦੌਰਾਨ ਵਪਾਰਕ ਮੁਨਾਫੇ ਲਈ ਕਈ ਅਮੀਰ ਦੇਸ਼ਾਂ ਅਤੇ ਬਹੁ-ਕੌਮੀ ਕਾਰਪੋਰੇਸ਼ਨਾਂ ਨੇ ਗਰੀਬ ਮੁਲਕਾਂ ਵਿਚ ਹਜ਼ਾਰਾਂ ਮਿਲੀਅਨ ਹੈਕਟੇਅਰ ਜ਼ਮੀਨ ਜਾਂ ਤਾਂ ਖਰੀਦਣੀ ਸ਼ੁਰੂ ਕਰ ਦਿੱਤੀ ਹੈ ਜਾਂ ਫਿਰ ਸੈਂਕੜੇ ਸਾਲਾਂ ਲਈ ਪਟੇ ’ਤੇ ਲੈਣੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿਚ ਦੱਖਣੀ ਕੋਰੀਆ ਦੀ ਵਪਾਰਕ ਸੰਸਥਾ ਡੇਈਵੂ ਲੋਜਿਸਟਕ ਵੱਲੋਂ ਮਾਡਾਗਾਸਕਰ ਵਿਚ, ਲਿਬੀਆ ਵੱਲੋਂ ਯੂਕਰੇਨ ਵਿਚ, ਚੀਨ ਵੱਲੋਂ ਦੱਖਣੀ ਏਸ਼ੀਆ ਦੇ ਕਈ ਮੁਲਕਾਂ ਵਿਚ ਅਤੇ ਸਾਊਦੀ ਅਰਬ ਵੱਲੋਂ ਸੂਡਾਨ, ਇਥੋਪੀਆ, ਯੂਕਰੇਨ, ਕਜ਼ਾਖਸਤਾਨ, ਪਾਕਿਸਤਾਨ, ਕੰਬੋਡੀਆ ਅਤੇ ਥਾਈਲੈਂਡ ਵਿਚ ਕੀਤੇ ਗਏ ਲੱਖਾਂ ਏਕੜ ਜ਼ਮੀਨਾਂ ਦੇ ਸੌਦੇ ਭਵਿੱਖ ਦੀਆਂ ਭੋਜਨ ਦੀਆਂ ਲੋੜਾਂ ਪੂਰੀਆਂ ਕਰਨ ਦੀ ਲਾਲਸਾ ਹੈ।  ਅਮਰੀਕਾ ਵੱਲੋਂ ਵੀ ਅਫਗਾਨਿਸਤਾਨ ਦੀ ਘਰੇਲੂ ਜੰਗ ਵਿਚ ਦਖਲਅੰਦਾਜ਼ੀ ਅਤੇ ਇਰਾਕ ਵਿਚ ਰਾਜ ਪਲਟਾ ਆਪਣੇ ਮੁਲਕ ਦੀਆਂ ਭਵਿੱਖ ਦੀਆਂ ਤੇਲ ਅਤੇ ਅਨਾਜ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਦਾ    ਛੁਪਿਆ ਏਜੰਡਾ ਹੈ। ਸਰਮਾਏਦਾਰ ਮੁਲਕਾਂ ਦੀਆਂ     ਇਨ੍ਹਾਂ ਕੋਸ਼ਿਸ਼ਾਂ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਐਫ.ਏ.ਓ. ਦੇ ਮੁਖੀ ਜੈਕਿਸ ਡੀਆਊਫ ਨੇ ਚਿਤਾਵਨੀ ਦਿੱਤੀ ਹੈ ਕਿ ਉਪਰੋਕਤ ਵਰਤਾਰਾ ਨਵ-ਬਸਤੀਵਾਦ ਨੂੰ ਜਨਮ ਦੇ ਸਕਦਾ ਹੈ, ਜਿਸ ਵਿਚ ਗਰੀਬ ਮੁਲਕ   ਆਪਣੇ ਲੋਕਾਂ ਨੂੰ ਭੁੱਖਿਆਂ ਰੱਖ ਕੇ ਅਮੀਰ ਮੁਲਕਾਂ ਲਈ ਭੋਜਨ ਪੈਦਾ ਕਰਨਗੇ।
ਹਿੰਦੁਸਤਾਨ ਦੀ ਭੋਜਨ ਸੁਰੱਖਿਆ: ਹਿੰਦੁਸਤਾਨ ਵਿਚ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਭੋਜਨ ਸੁਰੱਖਿਆ ਲਈ ਦੇਸ਼ ਭਰ ਵਿਚ ਨੈਸ਼ਨਲ ਫੂਡ ਸਕਿਉਰਟੀ ਮਿਸ਼ਨ, ਬਾਗਬਾਨੀ ਮਿਸ਼ਨ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਐਗਰੀਕਲਚਰ ਮੈਨੇਜਮੈਂਟ ਏਜੰਸੀ ਉਪਰ ਕਰੋੜਾਂ ਰੁਪਏ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ, ਪ੍ਰੰਤੂ ਇਸ ਦੇ ਬਾਵਜੂਦ ਮੁਲਕ ਦੀ ਭੋਜਨ ਸੁਰੱਖਿਆ ਆਉਣ ਵਲੇ ਸਮੇਂ ਵਿਚ ਖਤਰੇ ਵਿਚ ਹੈ। ਭੋਜਨ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਦੇ ਮੁਕਾਬਲੇ ਲਈ ਕਿਸੇ ਠੋਸ ਖੇਤੀ ਨੀਤੀ ਦੀ ਅਣਹੋਂਦ, ਮੁਲਕ ਨੂੰ ਅਨਾਜ ਵਿਚ ਨਿਰਭਰ ਬਣਾਉਣ ਵਾਲੀਆਂ ਖੇਤੀ ਯੂਨੀਵਰਸਿਟੀਆਂ, ਖੋਜ ਕੇਂਦਰਾਂ ਤੇ ਖੇਤੀ ਵਿਭਾਗਾਂ ਦਾ ਗੰਭੀਰ ਆਰਥਿਕ ਸੰਕਟਾਂ ਨਾਲ ਜੂਝਣਾ, ਖੇਤੀ ਪ੍ਰਧਾਨ ਸੂਬਿਆਂ ਦੇ ਕਿਸਾਨਾਂ ਦਾ ਕਰਜ਼ਿਆਂ ਦੇ ਭਾਰੀ ਬੋਝ ਹੇਠ ਦੱਬੇ ਹੋਣਾ ਅਤੇ ਖੇਤੀ ਖੋਜ ਅਤੇ ਪਸਾਰ ਲਈ ਮਨੁੱਖੀ ਸ਼ਕਤੀ ਅਤੇ ਆਧੁਨਿਕ ਤਕਨੀਕਾਂ ਦੀ ਘਾਟ ਦੇਸ਼ ਦੀ ਭੋਜਨ ਸੁਰੱਖਿਆ ਲਈ ਗੰਭੀਰ ਖਤਰੇ ਦੀ ਘੰਟੀ ਹਨ। ਦੇਸ਼ ਅੰਦਰ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਵਧ ਰਹੇ ਕੂੜ ਪ੍ਰਚਾਰ ਸਦਕਾ ਕਿਸਾਨਾਂ ਦੇ ਖੇਤੀ ਖਰਚੇ ਲਗਾਤਾਰ ਵਧ ਰਹੇ ਹਨ ਅਤੇ ਬੇਤਹਾਸ਼ਾ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਕਾਰਨ ਜ਼ਮੀਨ ਦੀ ਸਿਹਤ ਅਤੇ ਪਾਣੀ ਦੇ ਪੱਧਰ ਵਿਚ ਗਿਰਾਵਟ ਆ ਰਹੀ ਹੈ। ਜੇਕਰ ਉਪਰੋਕਤ ਸਭ ਵਰਤਾਰੇ ਆਪਣੀ ਗਤੀ ’ਤੇ ਚਲਦੇ ਗਏ ਤਾਂ ਦੇਸ਼ ਦੀ ਭੋਜਨ ਸੁਰੱਖਿਆ ਨੂੰ ਖਤਰਾ ਬਹੁਤਾ ਦੂਰ ਨਹੀਂ, ਪ੍ਰੰਤੂ ਸਮਾਂ ਸੋਚਣ ਦਾ ਨਹੀਂ ਕੁਝ ਕਰਨ ਦਾ ਹੈ।

No comments:

Post a Comment