Saturday, July 2, 2011

ਨਸ਼ਾ ਮੁਕਤ ਪੰਜਾਬ - A Dream

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਕਦੇ ਪੰਜ ਦਰਿਆ ਵਗਣ ਕਾਰਨ ਹੀ ਇਸ ਧਰਤੀ ਦਾ ਨਾਂ ਪੰਜ+ਆਬ (ਪੰਜਾਬ) ਪਿਆ। ਕੋਈ ਸਮਾਂ ਉਹ ਵੀ ਸੀ, ਜਦੋਂ ਪੰਜਾਬ ਦੀ ਧਰਤੀ ‘ਤੇ ਦੁੱਧ ਦਹੀ ਦੀਆਂ ਨਦੀਆਂ ਵਗਦੀਆਂ ਸਨ ਪਰ ਅੱਜ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ ਕਿ ਇੱਥੇ ਸ਼ਰਾਬ ਦੇ ਹੜ੍ਹ ਆਏ ਹੋਏ ਹਨ ਅਤੇ ਨਸ਼ਿਆਂ ਦੇ ਦਰਿਆ ਵਗਦੇ ਹਨ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦਾ ਰੁਝਾਨ ਇੰਨਾ ਵੱਧ ਗਿਆ ਹੈ ਕਿ ਲਗਪਗ 20 ਤੋਂ 25 ਲੱਖ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਹਨ। ਦੂਰਦਰਸ਼ਨ ਦੇ ਚੈਨਲਾਂ ‘ਤੇ ਦਿਖਾਈ ਜਾ ਰਹੀ ਪੱਛਮੀ ਸਭਿਅਤਾ ਨੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਕਾਫੀ ਪ੍ਰਭਾਵਿਤ ਕੀਤਾ ਹੈ। ਅੱਜ ਇੱਥੇ ਸਿਗਰਟ, ਬੀੜੀ, ਗੁਟਕਾ, ਜਰਦਾ, ਭੰਗ, ਅਫੀਮ, ਤੰਬਾਕੂ, ਭੁੱਕੀ, ਚਰਸ, ਗਾਂਜਾ, ਪੋਸਤ, ਨਸ਼ੀਲੀਆਂ ਦਵਾਈਆਂ, ਸਮੈਕ, ਹੈਰੋਇਨ, ਇੰਜੈਕਸ਼ਨ ਵਰਗੇ ਨਸ਼ੇ ਆਮ ਹੋ ਗਏ ਹਨ। ਲਗਪਗ 70% ਮੁੰਡੇ ਅਤੇ 30% ਕੁੜੀਆਂ ਨਸ਼ਿਆਂ ਦੀ ਲਪੇਟ ‘ਚ ਆ ਚੁੱਕੇ ਹਨ।
ਇਕ ਅਨੁਮਾਨ ਅਨੁਸਾਰ ਪੰਜਾਬ ‘ਚ ਘੱਟੋ-ਘੱਟ ਹਰ ਸਾਲ 30 ਕਰੋੜ ਬੋਤਲ ਸ਼ਰਾਬ ਦੀ ਵਰਤੋਂ ਹੁੰਦੀ ਹੈ। ਹਰ ਸਾਲ ਸ਼ਰਾਬ ਦੇ ਨਵੇਂ ਠੇਕੇ ਖੁੱਲ੍ਹਦੇ ਹਨ। ਠੇਕਿਆਂ ਦੀ ਬਹੁਤਾਤ ਲਈ ਇੱਥੋਂ ਦੀਆਂ ਸਰਕਾਰਾਂ ਦੋਸ਼ੀ ਹਨ। ਕੇਵਲ ਆਪਣੀ ਆਮਦਨ ਵਧਾਉਣ ਲਈ ਸਰਕਾਰ ਹਰ ਸਾਲ ਸ਼ਰਾਬ ਦੇ ਹੋਰ ਠੇਕੇ ਖੋਲ੍ਹਦੀ ਹੈ ਕਿਉਂਕਿ ਠੇਕਿਆਂ ਤੋਂ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ। ਸਾਲ 2010-11 ‘ਚ ਸਰਕਾਰ ਨੂੰ ਸ਼ਰਾਬ ਤੋਂ 2500 ਕਰੋੜ ਦੇ ਲਗਪਗ ਆਮਦਨ ਹੋਈ ਹੈ। ਹੋਰ ਕਈ ਤਰ੍ਹਾਂ ਦੇ ਨਸ਼ਿਆਂ ਦੀ ਵਿਕਰੀ ਵੀ ਸਰਕਾਰ ਦੀ ਦੇਖ-ਰੇਖ ਹੇਠ ਹੀ ਹੁੰਦੀ ਹੈ।
ਅੱਜ ਪੰਜਾਬ ਦਾ ਹਰ ਵਰਗ ਨਸ਼ੇ ਦੀ ਲਪੇਟ ਵਿਚ ਆ ਚੁੱਕਿਆ ਹੈ। ਕਾਲਜ ਵਿਚ ਪੜ੍ਹਦੇ ਵਿਦਿਆਰਥੀ, ਮਾਂ-ਬਾਪ ਤੋਂ ਦੂਰ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਸਮੇਤ ਗਰੀਬ ਪੇਂਡੂ ਵਰਗ ਵੀ ਨਸ਼ਿਆਂ ਤੋਂ ਅਛੂਤ ਨਹੀਂ ਰਿਹਾ। ਉਨ੍ਹਾਂ ਕੋਲ ਰੋਟੀ ਖਾਣ ਲਈ ਭਾਵੇਂ ਪੈਸੇ ਹੋਣ ਜਾਂ ਨਾ ਹੋਣ, ਪਰ ਦਾਰੂ ਅਤੇ ਬੀੜੀ ਜ਼ਰੂਰ ਚਾਹੀਦੀ ਹੈ। ਉਨ੍ਹਾਂ ਦੇ ਅਨੁਸਾਰ ਥਕਾਨ ਮਿਟਾਉਣ ਦਾ ਹੋਰ ਕੋਈ ਵਧੀਆ ਢੰਗ ਹੀ ਨਹੀਂ ਹੈ। ਕਈ ਲੋਕ ਤਾਂ ਸਵੇਰੇ ਉਠਦੇ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ।
ਪਾਵਨ ਗ੍ਰੰਥਾਂ ਵਿਚ ਨਸ਼ਿਆਂ ਦੇ ਸੇਵਨ ‘ਤੇ ਸਖ਼ਤ ਮਨਾਹੀ ਹੈ। ਨਸ਼ੇੜੀ ਵਿਅਕਤੀ ਦੀ ਉਮਰ ਰੋਜ਼ਾਨਾ ਪ੍ਰਤੀ ਮਿੰਟ ਦੇ ਹਿਸਾਬ ਨਾਲ ਘੱਟਦੀ ਚਲੀ ਜਾਂਦੀ ਹੈ। ਨਸ਼ੇ ਨਾਲ ਵਿਅਕਤੀ ਦੀ ਸਿਹਤ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਉਸ ਦੇ ਮਨ ਵਿਚ ਵੀ ਵਿਕਾਰ ਪੈਦਾ ਹੁੰਦੇ ਹਨ। ਉਸ ਦੀ ਬੁੱਧੀ ਭ੍ਰਿਸ਼ਟ ਹੁੰਦੀ ਜਾਂਦੀ ਹੈ, ਚਰਿੱਤਰ ਵਿਚ ਗਿਰਾਵਟ ਆਉਂਦੀ ਹੈ ਤੇ ਧਨ ਵੀ ਨਸ਼ਟ ਹੁੰਦਾ ਹੈ। ਘਰਾਂ ਵਿਚ ਕਲੇਸ਼ ਰਹਿਣ ਲੱਗ ਪੈਂਦਾ ਹੈ, ਜਿਸ ਕਾਰਨ ਘਰ-ਪਰਿਵਾਰ ਟੁੱਟਦੇ ਹਨ। ਵਿਅਕਤੀ ਨੂੰ ਆਪਣੇ ਪਰਾਏ ਅਤੇ ਚੰਗੇ-ਮਾੜੇ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ, ਉਹ ਕੁਰਾਹੇ ਪੈ ਜਾਂਦਾ ਹੈ, ਨਸ਼ਾ ਪੂਰਤੀ ਲਈ ਚੋਰੀ ਕਰਨਾ ਤਾਂ ਉਸ ਲਈ ਆਮ ਜਿਹੀ ਗੱਲ ਹੋ ਜਾਂਦੀ ਹੈ, ਕਤਲ ਜਿਹੇ ਸੰਗੀਨ ਜੁਰਮ ਵੀ ਉਹ ਕਈ ਵਾਰ ਕਰ ਬੈਠਦਾ ਹੈ। ਇਸ ਤਰ੍ਹਾਂ ਨਸ਼ਿਆਂ ‘ਚ ਗਰਕ ਹੁੰਦਾ ਉਹ ਇਕ ਦਿਨ ਖੁਦ ਮੌਤ ਦੇ ਮੂੰਹ ‘ਚ ਜਾ ਪੈਂਦਾ ਹੈ।
ਅੱਜ ਦੇਸ਼ ਦਾ ਭਵਿੱਖ ਖਤਰੇ ਵਿਚ ਹੈ। ਬੱਚਿਆਂ ਅਤੇ ਨੌਜਵਾਨਾਂ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਦੇ ਖਾਤਮੇ ਲਈ ਮਾਤਾ-ਪਿਤਾ, ਅਧਿਆਪਕ, ਸਮਾਜ ਅਤੇ ਸਰਕਾਰ ਵਿਚੋਂ ਕੋਈ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ। ਕਹਾਵਤ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ। ਇਸ ਲਈ ਜੇ ਹੋ ਸਕੇ ਤਾਂ ਨਸ਼ਾ ਕਰਨ ਵਾਲਾ ਯੁਵਕ ਜਦ ਵੀ ਵਿਹਲਾਪਨ ਮਹਿਸੂਸ ਕਰੇ ਜਾਂ ਉਸ ਨੂੰ ਨਸ਼ੇ ਦੀ ਜ਼ਰੂਰਤ ਅਨੁਭਵ ਹੋਵੇ ਤਾਂ ਉਹ ਚੰਗੀਆਂ ਕਿਤਾਬਾਂ ਪੜ੍ਹੇ। ਆਪਣਾ ਧਿਆਨ ਸਾਹਿਤ ਵੱਲ ਲਗਾਏ ਜਾਂ ਸੈਰ ਕਰਨ ਚਲਾ ਜਾਵੇ। ਹੋ ਸਕਦਾ ਹੈ ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਉਸ ਦਾ ਧਿਆਨ ਨਸ਼ੇ ਤੋਂ ਦੂਰ ਰਹੇ ਅਤੇ ਉਸ ਲਈ ਇਹ ਚੰਗਾ ਕਦਮ ਸਿੱਧ ਹੋਵੇ। ਨਸ਼ਾ ਮੁਕਤੀ ਲਈ ਕਈ ਸੰਸਥਾਵਾਂ ਅੱਗੇ ਆ ਰਹੀਆਂ ਹਨ, ਨਸ਼ਾ ਮੁਕਤੀ ਕੇਂਦਰ ਵੀ ਖੋਲ੍ਹੇ ਗਏ ਹਨ, ਜੋ ਕਿ ਵਧੀਆ ਕਦਮ ਹੈ। ਨੌਜਵਾਨਾਂ ਦਾ ਜੀਵਨ ਅਤੇ ਭਵਿੱਖ ਬਚਾਉਣ ਲਈ ਨਸ਼ਾਮੁਕਤ ਸਮਾਜ ਦੀ ਸਿਰਜਣਾ ਅਤਿ ਜ਼ਰੂਰੀ ਹੈ। ਨਸ਼ਾ ਮੁਕਤੀ ਲਈ ਮੀਡੀਆ ਨੂੰ ਵੀ ਨਸ਼ੇ ਦੇ ਦੋਸ਼ਾਂ ਤੋਂ ਸਮਾਜ ਨੂੰ ਜਾਣੂ ਕਰਵਾ ਕੇ ਅਹਿਮ ਰੋਲ ਨਿਭਾਉਣਾ ਚਾਹੀਦਾ ਹੈ ਅਤੇ ਅਧਿਆਪਕ ਵਰਗ ਨੂੰ ਵੀ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਠੋਸ ਕਦਮ ਚੁੱਕੇ। ਨਸ਼ਿਆਂ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਅਤੇ ਸਮਾਜਕ ਚੇਤਨਾ ਦੀ ਲੋੜ ਹੈ।

No comments:

Post a Comment