Saturday, July 2, 2011

ਪਰਵਾਸੀ ਮਜ਼ਦੂਰ ਤੇ ਪੰਜਾਬ

ਪੰਜਾਬੀ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਨੇ ਤੇ ਦੇਸ਼ ਦੇ ਪਰਵਾਸੀ ਮਜ਼ਦੂਰ ਪੰਜਾਬ ਸੰਭਾਲੀ ਜਾ ਰਹੇ ਨੇ। ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਤਾਂ ਕਿਸੇ ਨੇ ਨਹੀਂ ਕੀਤੀ ਪਰ ਅਨੁਮਾਨ ਹੈ ਕਿ ਉਹ ਪੱਚੀ-ਤੀਹ ਲੱਖ ਹੋਣਗੇ। ਜੇ ਇਹੋ ਸਿਲਸਿਲਾ ਜਾਰੀ ਰਿਹਾ ਤਾਂ ਵੀਹ ਤੀਹ ਵਰ੍ਹਿਆਂ ‘ਚ ਇੱਕ ਕਰੋੜ ਦੇ ਕਰੀਬ ਪੁੱਜ ਜਾਣਗੇ। ਜਦੋਂ ਉਹ ਏਨੀ ਵੱਡੀ ਗਿਣਤੀ ਵਿੱਚ ਹੋਏ ਤਾਂ ਪੰਜਾਬ ਦਾ ਹਰ ਤੀਜਾ ਬੰਦਾ ਪਰਵਾਸੀ ਹੋਵੇਗਾ। ਇਨ੍ਹਾਂ ਦੇ ਬੱਚੇ ਪੰਜਾਬ ਨੂੰ ਹੀ ਆਪਣੀ ਜਨਮ ਭੋਇੰ ਸਮਝਣ ਲੱਗਣਗੇ ਜਿਵੇਂ ਵਿਦੇਸ਼ਾਂ ‘ਚ ਜੰਮੇ ਪੰਜਾਬੀ ਵਿਦੇਸ਼ਾਂ ਨੂੰ ਸਮਝਦੇ ਹਨ। ਉਨ੍ਹਾਂ ਦੀ ਬੋਲੀ ਹਿੰਦੀ ਪੰਜਾਬੀ ਦਾ ਮਿਲਗੋਭਾ ਹੋਵੇਗੀ ਜਿਵੇਂ ਸ਼ਹਿਰੀ ਪੰਜਾਬੀਆਂ ਦੀ ਬਣ ਗਈ ਹੈ। ਉਨ੍ਹਾਂ ‘ਚੋਂ ਬਹੁਤ ਸਾਰੇ ਸਿੰਘ ਸਜ ਜਾਣਗੇ ਤੇ ਪਹਿਲੇ ਪੰਜਾਬੀਆਂ ‘ਚ ਰਚ-ਮਿਚ ਜਾਣਗੇ।
ਉਦੋਂ ਤਕ ਲੁਧਿਆਣਾ ਉਨ੍ਹਾਂ ਦੀ ਰਾਜਧਾਨੀ ਬਣ ਜਾਵੇਗੀ। ਜਿਹੜੇ ਅੱਜ ਰਿਕਸ਼ੇ ਚਲਾ ਜਾਂ ਰੇਹੜੀਆਂ ਲਾ ਰਹੇ ਨੇ ਉਨ੍ਹਾਂ ਦੀ ਆਪਣੀ ਟਰਾਂਸਪੋਰਟ ਹੋਵੇਗੀ ਅਤੇ ਆਪਣੇ ਮਕਾਨ ਤੇ ਦੁਕਾਨਾਂ। ਲੋਕਰਾਜ ਵਿੱਚ ਉਹ ਰਾਜ ਭਾਗ ਦੇ ਵੀ ਹਿੱਸੇਦਾਰ ਬਣਨਗੇ। ਇਹ ਕੋਈ ਅਲੋਕਾਰ ਗੱਲ ਨਹੀਂ ਹੋਵੇਗੀ। ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਵੀ ਬਥੇਰੇ ਬੰਦੇ ਏਧਰੋਂ ਓਧਰੋਂ ਆਉਂਦੇ ਜਾਂਦੇ ਰਹੇ ਨੇ। ਪੰਜਾਬੀਆਂ ਵਿੱਚ ਹਮਲਾਵਰਾਂ ਦੀਆਂ ਬਥੇਰੀਆਂ ਨਸਲਾਂ ਦਾ ਅੰਸ਼ ਹੈ। ਜੱਟ ਸਿੱਖਾਂ ਦੇ ਸਭ ਤੋਂ ਵੱਡੇ ਗੋਤ ਸਿੱਧੂਆਂ ਦੇ ਵਡ-ਵਡੇਰੇ ਰਾਜਸਥਾਨ ‘ਚੋਂ ਆਏ ਸਨ।
ਜਦੋਂ ਤਕ ਪਰਵਾਸੀ ਮਜ਼ਦੂਰ ਪੰਜਾਬ ਵਿੱਚ ਕਰੋੜ ਤਕ ਪਹੁੰਚਣਗੇ ਉਦੋਂ ਤਕ ਪੰਜਾਬ ਛੱਡ ਕੇ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਰੋੜ ਤੋਂ ਵਧ ਜਾਵੇਗੀ। ਕੈਨੇਡਾ ਵਿੱਚ ਉਨ੍ਹਾਂ ਦੀ ਗਿਣਤੀ ਵਾਹਵਾ ਹੋ ਗਈ ਹੈ ਤੇ ਉਹ ਰਾਜ-ਭਾਗ ਦੇ ਹਿੱਸੇਦਾਰ ਬਣ ਗਏ ਹਨ। ਇੰਗਲੈਂਡ ਵਿੱਚ ਉਹ ਮੇਅਰ ਹਨ ਤੇ ਅਮਰੀਕਾ ਵਿੱਚ ਗਵਰਨਰ। ਉਹ ਹੋਰ ਵੀ ਕਈ ਥਾਈਂ ਝੰਡੇ ਗੱਡਣਗੇ। ਪੰਜਾਬੀਆਂ ਨੇ ਪਰਦੇਸਾਂ ਵਿੱਚ ਕਈ ਪੰਜਾਬ ਵਸਾ ਲਏ ਹਨ। ਜੇਕਰ ਪੰਜਾਬੀ ਪੰਜਾਬ ਤੋਂ ਬਾਹਰ ਜਾ ਕੇ ਹੋਰਨਾਂ ਰਾਜਾਂ ਦੇ ਰਾਜ ਭਾਗ ‘ਚ ਸ਼ਰੀਕ ਹੋਣਾ ਆਪਣਾ ਹੱਕ ਸਮਝਦੇ ਹਨ ਤਾਂ ਉਹੋ ਜਿਹੇ ਸ਼ਰੀਕ ਹੋਣਾ ਪਰਵਾਸੀ ਮਜ਼ਦੂਰ ਵੀ ਆਪਣਾ ਹੱਕ ਸਮਝਣਗੇ।
ਅਸੀਂ ਇੱਕ ਦਿਨ ਮੁਕੰਦਪੁਰ ਤੋਂ ਲਧਿਆਣੇ ਨੂੰ ਆ ਰਹੇ ਸਾਂ। ਦਰਿਆ ਸਤਲੁਜ ਦੇ ਪੁਲ ਕੋਲ ਪਰਵਾਸੀ ਮਜ਼ਦੂਰਾਂ ਦਾ ਕੋਈ ਦਿਨ ਤਿਉਹਾਰ ਸੀ। ਉਹ ਰਿਕਸ਼ੇ, ਟੈਂਪੂ ਟਰੈਕਟਰ-ਟਰਾਲੀਆਂ ਉੱਤੇ ਚੜ੍ਹੇ ਨੱਚ ਗਾ ਰਹੇ ਸਨ। ਪਰ ਮੇਰੇ ਇੰਗਲੈਂਡ ਤੋਂ ਆਏ ਸਾਥੀ ਉਨ੍ਹਾਂ ਉੱਤੇ ਖਿਝ ਰਹੇ ਸਨ ਤੇ ਪਰਵਾਸੀ ਮਜ਼ਦੂਰਾਂ ਦੀਆਂ ਭੀੜਾਂ ਵੇਖ ਕੇ ਕਚੀਚੀਆਂ ਲੈ ਰਹੇ ਸਨ। ਪਰਵਾਸੀ ਹੋ ਕੇ ਵੀ ਆਪਣੇ ਆਪ ਨੂੰ ਪੰਜਾਬ ਦੇ ਮਾਲਕ ਸਮਝ ਰਹੇ ਸਨ!
ਮੈਨੂੰ ਟੋਰਾਂਟੋ, ਵੈਨਕੂਵਰ, ਯੂਬਾ ਸਿਟੀ ਤੇ ਲੰਡਨ ਦੇ ਨਗਰ ਕੀਰਤਨ ਯਾਦ ਆ ਗਏ। ਸੜਕਾਂ ਉੱਤੇ ਸਿੱਖਾਂ ਦੀਆਂ ਪਰੇਡਾਂ ਤੇ ਝੂਲਦੇ ਨਿਸ਼ਾਨ ਦਿਸੇ। ਭੀੜਾਂ ਤਾਂ ਸਾਡੀਆਂ ਵੀ ਓਥੇ  ਪਰਵਾਸੀ ਮਜ਼ਦੂਰਾਂ ਵਾਂਗ ਹੀ ਹੁੰਦੀਆਂ ਨੇ। ਜਦੋਂ ਇੰਗਲੈਂਡ ਤੋਂ ਆਏ ਮੇਰੇ ਸਾਥੀ ਪਰਵਾਸੀ ਮਜ਼ਦੂਰਾਂ ਨੂੰ ਬੁਰਾ ਭਲਾ ਕਹਿ ਰਹੇ ਸਨ ਤਾਂ ਮੈਂ ਸੋਚਣ ਲੱਗਿਆ ਕਿ ਸਾਡੀਆਂ ਪਰੇਡਾਂ ਤੇ  ਕਬੱਡੀ ਮੇਲੇ ਵੇਖ ਕੇ ਹੋ ਸਕਦੈ ਹੋਰ ਲੋਕ ਕਹਿਣ, ”ਕਿੱਥੋਂ ਆ-ਗੇ ਇਹ ਬਲੱਡੀ ਬਾਸਟਰਡ! ਇਹ ਤਾਂ ਜੋਕਰ ਲੱਗਦੇ ਨੇ!”
ਜੇਕਰ ਕੈਨੇਡਾ ਵਿੱਚ ਸਾਡੇ ਨਾਲ ਅਜਿਹਾ ਵਿਵਹਾਰ ਹੋਵੇ ਤਾਂ ਸਾਡਾ ਪ੍ਰਤੀਕਰਮ ਹੋਵੇਗਾ ਕਿ ਬਾਸਟਰਡ ਹੋਣਗੇ ਉਹ ਜੋ ਸਾਨੂੰ ਕਹਿੰਦੇ ਨੇ। ਉਹ ਕੌਣ ਹੁੰਦੇ ਨੇ ਸਾਨੂੰ ਜੋਕਰ ਕਹਿਣ ਵਾਲੇ? ਅਸੀਂ ਉਨ੍ਹਾਂ ਤੋਂ ਮੰਗ ਕੇ ਖਾਂਦੇ ਹਾਂ? ਸਿਤਮ ਦੀ ਗੱਲ ਹੈ ਕਿ ਸਾਡੇ ਵਿੱਚੋਂ ਕਈ ਭਲੇ ਪੁਰਸ਼ ਆਪ ਪਰਵਾਸੀ  ਬਣ ਕੇ ਵੀ ਆਪਣੇ ਦੇਸੀ ਪਰਵਾਸੀ ਮਜ਼ਦੂਰਾਂ ਨੂੰ         ਨਫ਼ਰਤ ਕਰੀ ਜਾਂਦੇ ਨੇ। ਕਈ ਵਾਰ ਇਹ ਵੀ ਕਹਿੰਦੇ ਨੇ ਕਿ ਉਨ੍ਹਾਂ ਨੂੰ ਪੰਜਾਬ ‘ਚੋਂ ਕੱਢ ਦਿਓ! ਕੀ ਉਹ ਆਪ ਜਿੱਥੇ ਵਸ ਗਏ ਨੇ ਉੱਥੋਂ ਉਜੜਨਾ ਚਾਹੁੰਦੇ ਨੇ?
ਉਨ੍ਹਾਂ ਨੂੰ ਕੌਣ ਕਹੇ ਕਿ ਪਰਵਾਸੀ ਮਜ਼ਦੂਰ ਪੰਜਾਬ ਵਿੱਚ ਧੱਕੇ ਨਾਲ ਨਹੀਂ ਆਏ। ਨਾ ਹੀ ਉਹ ਚੋਰੀ ਛਿਪੇ ਜਾਂ ਕਿਸੇ ਛਲ ਫਰੇਬ ਨਾਲ ਆ ਰਹੇ ਨੇ। ਉਨ੍ਹਾਂ ਨੂੰ ਸਾਡੇ ਹੀ ਵੀਰ ਭਰਾ ਆਪਣੀ ਲੋੜ ਅਨੁਸਾਰ ਲਿਆ ਰਹੇ ਨੇ। ਉਹ ਪੰਜਾਬ ਵਿੱਚ ਆ ਕੇ ਮੁਫ਼ਤ ਦੀ ਰੋਟੀ ਵੀ ਨਹੀਂ ਖਾਂਦੇ। ਦਸਾਂ ਨਹੁੰਆਂ ਦੀ ਕਿਰਤ ਕਰਦੇ ਨੇ ਤੇ ਕਮਾਈ ਕਰ ਕੇ ਖਾਂਦੇ ਪੀਂਦੇ ਨੇ। ਉਹ ਪੰਜਾਬ ਦਾ ਸ਼ਾਇਦ ਓਨਾ ਖਾ ਹੰਢਾ ਨਹੀਂ ਰਹੇ ਜਿੰਨਾ ਪੰਜਾਬ ਨੂੰ ਕਮਾ ਕੇ ਦੇ ਰਹੇ ਨੇ। ਪੰਜਾਬ ਤੋਂ ਉਹ ਕੋਈ ਵੈੱਲਫੇਅਰ ਜਾਂ ਪੈਨਸ਼ਨ ਵੀ ਨਹੀਂ ਲੈ ਰਹੇ। ਤਪਦੀਆਂ ਧੁੱਪਾਂ ‘ਚ ਕੋਡੇ ਹੋ ਕੇ ਝੋਨੇ ਲਾਉਣ ਵਰਗੀ ਹੱਡਭੰਨਵੀਂ ਕਿਰਤ ਕਰਦੇ ਨੇ। ਭੁੰਜੇ ਪੱਲੀ ਵਿਛਾ ਕੇ ਸੌਂ ਲੈਂਦੇ ਨੇ। ਪੰਜਾਬ ਦੇ ਕਿਸਾਨਾਂ ਨੂੰ ਪੁੱਛੋ, ਕੀ ਉਨ੍ਹਾਂ ਬਗ਼ੈਰ ਜੀਰੀਆਂ ਲਾ ਲੈਣਗੇ? ਉਹ ਤਾਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੇ ਬਿਹਾਰ ‘ਚੋਂ ਖ਼ੁਦ ਜਾ ਕੇ ਲਿਆਉਣ ਲਈ ਕਈ ਤਰ੍ਹਾਂ ਦੇ ਲਾਲਚ ਦਿੰਦੇ ਨੇ। ਉਹ ਓਨਾ ਝੂਠ ਵੀ ਨਹੀਂ ਬੋਲਦੇ ਜਿੱਡਾ ਸਾਡੇ ਬਹੁਤ ਸਾਰੇ ਬੰਦਿਆਂ ਨੇ ਝੂਠੀ ਮੂਠੀ ਦੇ ਕਾਗਜ਼ੀ ਵਿਆਹ ਕਰਵਾ ਕੇ ਬੋਲਿਆ ਹੈ।
ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ‘ਚੋਂ ਭਜਾਉਣ ਦਾ ਢੰਡੋਰਾ ਪਿੱਟਣ ਵਾਲੇ ਸਾਡੇ ਭੱਦਰ ਪੁਰਸ਼ ਕੀ ਆਪਣੇ ਗਿਰੇਵਾਨ ‘ਚ ਝਾਤ ਮਾਰ ਕੇ ਵੇਖਣਗੇ ਕਿ ਉਨ੍ਹਾਂ ਦੇ ਜਿਹੜੇ ਭਾਈਵਾਲ ਰਫੂਜੀ’ ਬਣ ਕੇ ਵਿਦੇਸ਼ਾਂ ‘ਚ ਪੱਕੇ ਹੋਏ ਨੇ ਉਨ੍ਹਾਂ ‘ਚੋਂ ਸੱਚ-ਮੁੱਚ ਦੇ ਰਫੂਜੀ ਕਿੰਨੇ ਸਨ? ਪੁੱਤ ਕਿਸੇ ਹੋਰ ਦੇ ਮਰੇ ਤੇ ਇਮੀਗਰੇਸ਼ਨਾਂ ਉਹ ਲੈਂਦੇ ਗਏ ਜਿਨ੍ਹਾਂ ਦੀ ਚੀਚੀ ਦਾ ਖੂਨ ਵੀ ਨਹੀਂ ਸੀ ਡੱੁਲਿ੍ਹਆ। ਉਹ ਆਪਣੇ ਤੇ ਪਰਵਾਸੀ ਮਜ਼ਦੂਰਾਂ ਦੇ ਕਿਰਦਾਰ ਦੀ ਪਰਖ ਕਰ ਕੇ ਵੇਖ ਲੈਣ ਕਿ ਛਲ-ਕਪਟ ਕੌਣ ਕਰ ਰਿਹਾ ਹੈ? ਗੁਰੂਆਂ ਦੇ ਦਿੱਤੇ ਸਬਕ ਕਿਰਤ ਤੋਂ ਕੌਣ ਬੇਮੁਖ ਹੋ ਰਿਹਾ ਹੈ?
ਰਤਾ ਸੋਚੀਏ, ਕੀ ਪਰਵਾਸੀ ਮਜ਼ਦੂਰ ਵੀ ਨਕਲੀ ਰਫੂਜੀ ਬਣ ਕੇ ਆਏ ਨੇ? ਉਨ੍ਹਾਂ ‘ਚੋਂ ਕਿੰਨੇ ਨੇ ਜਿਨ੍ਹਾਂ ਨੇ ਝੂਠੀ-ਮੂਠੀ ਦੇ ਤਲਾਕ ਲਏ ਜਾਂ ਕਾਗਜ਼ੀ ਵਿਆਹ ਕਰਵਾਏ? ਕਿੰਨੇ ਕਾਗਜ਼ੀ ਮੁਤਬੰਨੇ ਬਣਾਏ ਜਾਂ ਭਾਣਜੇ ਭਤੀਜੇ ਈ ਕਾਗਜ਼ਾਂ ਵਿੱਚ ਪੁੱਤ ਬਣਾ ਕੇ ਭਰ ਲਏ? ਕਿੰਨੇ ਰਾਗੀ, ਢਾਡੀ, ਪਾਠੀ, ਗਾਇਕ, ਖਿਡਾਰੀ, ਅਦਾਕਾਰ, ਕਲਾਕਾਰ, ਗੜਵੱਈ ਤੇ ਹੋਰ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਭੇਸਾਂ ਵਿੱਚ ਆਏ ਅਤੇ ਢੌਂਗ ਰਚ ਕੇ ਵਿਦੇਸ਼ਾਂ ਦੇ ਪੱਕੇ ਵਾਸੀ ਬਣੇ?
ਜਦੋਂ ਉਨ੍ਹਾਂ ਨੇ ਏਡੇ ਵੱਡੇ ਮਾਅਰਕੇ ਮਾਰ ਈ ਲਏ ਨੇ ਤੇ ਆਪਣੇ ਪਿਆਰੇ ਪੰਜਾਬ ਵਿੱਚ ਥਾਵਾਂ ਖਾਲੀ ਕਰ ਗਏ ਨੇ ਤਾਂ ਹੁਣ ਝੂਰਦੇ ਕਿਉਂ ਨੇ ਪਈ ਉਨ੍ਹਾਂ ਦੀਆਂ ਖਾਲੀ ਕੀਤੀਆਂ ਥਾਵਾਂ ਪਰਵਾਸੀ ਮਜ਼ਦੂਰ ਕਿਉਂ ਭਰੀ ਜਾ ਰਹੇ ਨੇ? ਏਨਾ ਦਰਦ ਐ ਤਾਂ ਮੁੜ ਜਾਣ ਪਿੱਛੇ ਨੂੰ। ਸਾਂਭ ਲੈਣ ਆਪਣੇ ਘਰਾਂ ਨੂੰ। ਕੋਈ ਰੋਕਦੈ? ਪਰ ਮੁੜੇ ਕੌਣ?
ਮੈਨੂੰ ਯਾਦ ਨੇ ਉਹ ਦਿਨ ਜਦੋਂ ਸਾਡੇ ਭਰਾ ਤੜਕੇ ਈ ਟਰਾਲੀਆਂ ਰੇਲਵੇ ਸਟੇਸ਼ਨਾਂ ‘ਤੇ ਲੈ ਜਾਂਦੇ ਅਤੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਪਰਵਾਸੀ ਮਜ਼ਦੂਰਾਂ ਨੂੰ ਆਪੋ ਆਪਣੀਆਂ ਟਰਾਲੀਆਂ ‘ਤੇ ਚੜ੍ਹਾਉਂਦੇ। ਭਰਪੂਰ ਫਸਲਾਂ ਬੀਜਣ ਤੇ ਵੱਢਣ ਲਈ ਸਥਾਨਕ ਮਜ਼ਦੂਰ ਪੂਰੇ ਨਹੀਂ ਸਨ ਉੱਤਰ ਰਹੇ। ਨਾਲੇ ਪਰਵਾਸੀ ਲੇਬਰ ਉਨ੍ਹਾਂ ਨਾਲੋਂ ਸਸਤੀ ਸੀ। ਸਥਾਨਕ ਮਜ਼ਦੂਰ ਤਾਂ ਉਸੇ ਕਿਸਾਨ ਦੇ ਖੇਤ ਵੱਲ ਮੂੰਹ ਕਰਦਾ ਸੀ ਜਿਹੜਾ ਫੀਮ ਦਾ ਮਾਵਾ ਜਾਂ ਭੁੱਕੀ ਦੀ ਪੁੜੀ ਦਿੰਦਾ। ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਖੇਤੀਬਾੜੀ ਲਈ ਸਸਤੀ ਮਜ਼ਦੂਰੀ ਨਾਲ ਸ਼ੁਰੂ ਹੋਈ। ਸਸਤੀ ਮਜ਼ਦੂਰੀ ਨੇ ਜੱਟਾਂ ਨੂੰ ਵੀ ਹੱਥੀਂ ਕੰਮ ਕਰਨਾ ਛੁਡਵਾ ਦਿੱਤਾ ਤੇ ਉਨ੍ਹਾਂ ਦੇ ਮੁੰਡੇ ਮੋਟਰਸਾਈਕਲਾਂ ਉੱਤੇ ਚੜ੍ਹ ਕੇ ਗੇੜੇ ਦੇਣ ਲੱਗੇ। ਉਨ੍ਹਾਂ ‘ਚੋਂ ਬਹੁਤ ਸਾਰੇ ਨਸ਼ਿਆਂ ‘ਤੇ ਲੱਗ ਗਏ ਤੇ ਉਨ੍ਹਾਂ ਦਾ ਇੱਕੋ-ਇੱਕ ਨਿਸ਼ਾਨਾ ਬਣ ਗਿਆ ਕਿ ਕਿਵੇਂ ਨਾ ਕਿਵੇਂ ਵਿਦੇਸ਼ ਜਾਣਾ ਹੈ।
ਜਦੋਂ ਪਰਵਾਸੀ ਮਜ਼ਦੂਰ ਧੜਾ-ਧੜ ਆਉਣ ਲੱਗ ਪਏ ਤਾਂ ਖੇਤੀਬਾੜੀ ਤੋਂ ਬਿਨਾਂ ਹੋਰ ਕੰਮਾਂ ਧੰਦਿਆਂ ਵਿੱਚ ਵੀ ਆ ਲੱਗੇ। ਸ਼ਹਿਰਾਂ ਵਿੱਚ ਰਿਕਸ਼ੇ ਚਲਾਉਣ ਦਾ ਕੰਮ ਨਖਿੱਧ ਗਿਣਿਆ ਜਾਂਦਾ ਸੀ। ਉਹ ਲਗਭਗ ਸਾਰਾ ਈ ਪਰਵਾਸੀ ਮਜ਼ਦੂਰਾਂ ਨੇ ਸੰਭਾਲ ਲਿਆ। ਉਹ ਭੱਠਿਆਂ ਦੀਆਂ ਇੱਟਾਂ ਕੱਢਣ ਲੱਗ ਪਏ ਤੇ ਹੌਲੀ ਹੌਲੀ ਇਮਾਰਤਕਾਰੀ ਵਿੱਚ ਪੈ ਗਏ। ਉਨ੍ਹਾਂ ਨੇ ਚੌਕਾਂ ‘ਚ ਰੇੜ੍ਹੀਆਂ ਜਾ ਲਾਈਆਂ ਤੇ ਬਾਗ ਬਗੀਚਿਆਂ ਦੇ ਮਾਲੀ ਬਣ ਗਏ। ਕਈ ਕੱਪੜੇ ਸਿਊਣ ਲੱਗੇ ਤੇ ਕਈ ਕਾਰਖਾਨਿਆਂ ਦੇ ਮਜ਼ਦੂਰ ਜਾ ਬਣੇ। ਉਨ੍ਹਾਂ ਨੇ ਘਰਾਂ ਦੇ ਫਰਸ਼ ਰਗੜਣੇ ਤੇ ਰੰਗ ਰੋਗਨ ਕਰਨ ਦਾ ਕਸਬ ਫੜ ਲਿਆ। ਪੰਜਾਬ ਦੇ ਬਾਰਾਂ ਹਜ਼ਾਰ ਪਿੰਡਾਂ ਵਿੱਚ ਲੱਖਾਂ ਪਰਵਾਸੀ ਮਜ਼ਦੂਰ ਕਿਸਾਨਾਂ ਦੇ ਸੀਰੀ ਸਾਂਝੀ ਲੱਗ ਗਏ ਤੇ ਬੰਬੀਆਂ ਉੱਤੇ ਰਹਿਣ ਲੱਗੇ। ਬਾਹਰਲੇ ਘਰ ਤੇ ਹਵੇਲੀਆਂ ਉਨ੍ਹਾਂ ਦੇ ਅੱਡੇ ਬਣ       ਗਏ। ਘਰਾਂ ਦੀਆਂ ਸੁਆਣੀਆਂ ਨੇ ਉਨ੍ਹਾਂ ਨੂੰ ਲਵੇਰਿਆਂ ਦੀਆਂ ਧਾਰਾਂ ਕੱਢਣ ਤੇ ਦੁੱਧ ਰਿੜਕਣ ਤਕ ਦਾ ਕੰਮ ਸੌਂਪ ਦਿੱਤਾ। ਬਹੁਤ ਸਾਰੇ ਪਰਵਾਸੀਆਂ ਨੇ ਆਪਣੀਆਂ ਕੋਠੀਆਂ ਦੀ ਦੇਖ ਭਾਲ ਲਈ ਪਰਵਾਸੀ ਮਜ਼ਦੂਰ ਉਨ੍ਹਾਂ ਵਿੱਚ ਬਿਠਾ ਦਿੱਤੇ।
ਆਪਣੀਆਂ ਪੰਜਾਬ ਫੇਰੀਆਂ ਦੌਰਾਨ ਮੈਂ ਅਨੇਕਾਂ ਲੋਕਾਂ ਪਾਸੋਂ ਸੁਣਿਆ ਹੈ ਕਿ ਪਰਵਾਸੀ ਮਜ਼ਦੂਰਾਂ ਬਿਨਾਂ ਤਾਂ ਉਹ ਇੱਕ ਦਿਹਾੜੀ ਵੀ ਨਹੀਂ ਕੱਟ ਸਕਦੇ। ਉਨ੍ਹਾਂ ਦਾ ਸਾਰਾ ਕਾਰੋਬਾਰ ਈ ਪਰਵਾਸੀ ਮਜ਼ਦੂਰਾਂ ਸਿਰ ‘ਤੇ ਹੈ। ਹਾਲਤ ਇਹ ਹੈ ਕਿ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ‘ਚ ਵਸਾਉਣਾ ਪੰਜਾਬੀਆਂ ਦੀ ਮਜਬੂਰੀ ਬਣ ਗਈ ਹੈ। ਪੰਜਾਬ ਦੇ ਦੋ-ਚਾਰ ਖੇਤਾਂ ਵਾਲੇ ਕਿਸਾਨ ਵੀ ਹੱਥੀਂ ਕੰਮ ਕਰ ਕੇ ਰਾਜ਼ੀ ਨਹੀਂ। ਮੁੰਡੇ ਨਸ਼ਿਆਂ ਉੱਤੇ ਲੱਗ ਗਏ ਹਨ। ਪੜ੍ਹੇ ਲਿਖੇ ਨੌਜੁਆਨਾਂ ਨੇ ਵਿਦੇਸ਼ਾਂ ਨੂੰ ਜਾਣ ਦਾ ਗਾਹ ਪਾਇਆ ਹੋਇਆ ਹੈ। ਮੂੰਹ ਮੱਥੇ ਲੱਗਦੇ ਧੀਆਂ ਪੁੱਤਾਂ ਨੂੰ ਬਾਹਰਲੇ ਵਿਆਹੀ ਵਰੀ ਜਾਂਦੇ ਨੇ। ਪੰਜਾਬ ਦੀ ਕਰੀਮ ਬਾਹਰ ਨਿਕਲੀ ਜਾਂਦੀ ਹੈ।
ਕਈ ਬੁੱਧੀਜੀਵੀ ਪਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਆਉਣ ਨੂੰ ਵੱਡਾ ਮਸਲਾ ਬਣਾ ਕੇ ਪੇਸ਼ ਕਰ ਰਹੇ ਨੇ। ਜੇ ਇਹ ਸੱਚਮੁੱਚ ਈ ਮਸਲਾ ਹੈ ਤਾਂ ਇਸ ਦਾ ਇੱਕੋ-ਇਕ ਹੱਲ ਇਹੋ ਹੈ ਕਿ ਬਾਹਰ ਗਏ ਪੰਜਾਬੀ, ਪੰਜਾਬ ਪਰਤ ਆਉਣ ਤੇ ਪਰਵਾਸੀ ਮਜ਼ਦੂਰਾਂ ਨੂੰ ਵੀ ਆਪਣੇ ਘਰੀਂ ਪਰਤ ਜਾਣ ਦੇਣ। ਕੀ ਪੰਜਾਬੋਂ ਬਾਹਰ ਗਏ ਰੱਜੇ ਪੁੱਜੇ ਪੰਜਾਬੀ ਅਜਿਹਾ ਕਰਨ ਲਈ ਤਿਆਰ ਹੋਣਗੇ? ਕੀ ਪੰਜਾਬੀਆਂ ਦੇ ਸਾਰੇ ਟਰੱਕ ਪੰਜਾਬ ‘ਚ ਚਲਾਏ ਜਾ ਸਕਦੇ ਹਨ? ਕੀ ਮਿਹਨਤ ਮੁਸ਼ੱਕਤ ਨਾਲ ਚਲਾਏ ਕਾਰੋਬਾਰ ਤੇ ਜ਼ਮੀਨਾਂ ਜਾਇਦਾਦਾਂ ਉਂਜ ਈ ਛੱਡੀਆਂ ਜਾ ਸਕਦੀਆਂ ਹਨ?
ਨਾਅਰੇ ਲਾਉਣੇ ਸੌਖੇ ਹਨ ਜਦੋਂ ਅਮਲ ਕਰਨਾ ਪਿਆ ਪਤਾ ਉਦੋਂ ਲੱਗੇਗਾ। ਜਿਹੜੇ ਪੰਜਾਬੀ ਅਫ਼ਰੀਕਾ ‘ਚੋਂ ਕੱਢੇ ਗਏ ਸਨ ਉਹ ਕਈ ਸਾਲ ਤਾਬ ਨਹੀਂ ਸੀ ਆਏ। ਹਾਲੇ ਤਕ ਤਾਂ 1947 ਦੇ ਉੱਜੜਿਆਂ ਨੂੰ ਬਾਰਾਂ ਦੇ ਮੁਰੱਬੇ ਨਹੀਂ ਭੁੱਲੇ। ਦਹਿਸ਼ਤੀ ਦੌਰ ਨੇ ਚੰਗੇ ਭਲੇ ਪੰਜਾਬ ਦੀ ਖੁਸ਼ਹਾਲੀ ਕੰਗਾਲੀ ਵਿੱਚ ਬਦਲ ਦਿੱਤੀ ਜਿਸ ਦਾ ਕਰਜ਼ਾ ਪਤਾ ਨਹੀਂ ਕਦ ਲੱਥੇ? ਆਪ ਪੰਜਾਬ ਛੱਡੀ ਜਾਣਾ ਤੇ ਕਿਸੇ ਹੋਰ ਨੂੰ ਪੰਜਾਬ ਵਿੱਚ ਆਉਣ ਨਾ ਦੇਣਾ ਇਹ ਗੱਲ ਕਿਵੇਂ ਹੋਵੇਗੀ? ਚਾਹੀਦਾ ਇਹ ਹੈ ਕਿ ਜਿਹੜਾ ਕੋਈ ਗ਼ੈਰ ਪੰਜਾਬੀ ਪੰਜਾਬ ਵਿੱਚ ਰਹਿਣਾ ਚਾਹੇ, ਉਹਦੇ ਕੁਝ ਨਿਯਮ ਹੋਣ ਤੇ ਉਹਦਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਪੰਜਾਬ ਦਾ ਅਮਨ ਕਾਨੂੰਨ ਕਦੇ ਖ਼ਤਰੇ ਵਿੱਚ ਨਾ ਪਵੇ।
ਸਰਦੇ ਪੁੱਜਦੇ ਪੰਜਾਬੀਆਂ ਦੇ ਬੱਚੇ ਤਾਂ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਆਪਣੀ ਮਾਂ ਬੋਲੀ ਪੰਜਾਬੀ ਵੀ ਛੱਡੀ ਜਾ ਰਹੇ ਹਨ ਤੇ ਪੰਜਾਬ ਵੀ  ਛੱਡੀ ਜਾ ਰਹੇ ਹਨ। ਪਰਵਾਸੀ ਮਜ਼ਦੂਰਾਂ ਦੇ ਬੱਚੇ ਸਸਤੇ ਸਰਕਾਰੀ  ਸਕੂਲਾਂ ਵਿੱਚ ਪੜ੍ਹਦੇ ਹਨ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ ਜਿਸ ਕਰਕੇ ਪੰਜਾਬੀ ਉਨ੍ਹਾਂ ਦੀ ਬੋਲ ਚਾਲ ਦੀ ਬੋਲੀ ਬਣ ਰਹੀ ਹੈ। ਇਹੋ ਉਨ੍ਹਾਂ ਦੇ ਬੱਚਿਆਂ ਦੀ ਮਾਂ ਬੋਲੀ ਬਣੇਗੀ। ਜਿਵੇਂ ਮਲਵਈ, ਮਾਝੀ, ਦੁਆਬੀ, ਪੋਠੋਹਾਰੀ, ਪਹਾੜੀ, ਲਹਿੰਦੀ, ਮੁਲਤਾਨੀ, ਬਾਗੜੀ ਜਾਂ ਪੁਆਧੀ ਹੈ ਉਵੇਂ ਹੀ ਪਰਵਾਸੀ ਮਜ਼ਦੂਰਾਂ ਦੀ ਮਿਲਗੋਭਾ ਬੋਲੀ ਪੰਜਾਬੀ ਦੀ ਉਪ ਭਾਸ਼ਾ ਹੋਵੇਗੀ। ਆਖ਼ਰ ਨੂੰ ਤਾਂ ਪੰਜਾਬ ਉਨ੍ਹਾਂ ਦਾ ਹੀ ਹੋਣਾ ਹੈ ਜਿਹੜੇ ਪੰਜਾਬ ਵਿੱਚ ਕੰਮ ਕਰਨਗੇ ਪੰਜਾਬੀ ਬਣ ਕੇ ਰਹਿਣਗੇ।

No comments:

Post a Comment