Saturday, July 2, 2011

ਪੋਲੀਥੀਨ ਲਿਫ਼ਾਫ਼ੇ

ਅੱਜ ਦੇ ਯੁੱਗ ਵਿੱਚ ਪੋਲੀਥੀਨ ਦੀ ਵਰਤੋਂ ਆਮ ਵਿਅਕਤੀ ਦੇ ਜੀਵਨ ਦਾ ਅੰਗ ਬਣ ਗਈ ਹੈ। ਬਾਜ਼ਾਰ ਤੋਂ ਕੁਝ ਵੀ ਖਰੀਦ ਕੇ ਲਿਆਉਣਾ ਹੋਵੇ ਪੋਲੀਥੀਨ ਤੋਂ ਬਣੇ ਲਿਫ਼ਾਫ਼ੇ ਮਦਦਗਾਰ ਸਾਬਤ ਹੁੰਦੇ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਤਾਂ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ। ਪੋਲੀਥੀਨ ਦੇ ਲਿਫ਼ਾਫ਼ੇ ਭਾਰ ਵਿੱਚ ਹਲਕੇ ਅਤੇ ਅਸਾਨੀ ਨਾਲ ਮੁੜ ਸਕਣ ਵਾਲੇ ਹੋਣ ਕਾਰਨ ਵਧੇਰੇ ਹਰਮਨ-ਪਿਆਰੇ ਹੋ ਗਏ ਹਨ।
ਜਦੋਂ ਸ਼ੁਰੂ-ਸ਼ੁਰੂ ਵਿੱਚ ਪੋਲੀਥੀਨ ਦੇ ਲਿਫ਼ਾਫ਼ੇ ਬਣਨੇ ਸ਼ੁਰੂ ਹੋਏ ਤਾਂ ਬਹੁਤ ਰੌਲਾ ਪਿਆ ਕਿ ਲਿਫ਼ਾਫ਼ੇ ਬਣਾਉਣ ਲਈ ਕਾਗਜ਼ ਦੀ ਵਰਤੋਂ ਘਟਣ ਕਾਰਨ ਦਰੱਖ਼ਤਾਂ ਦੀ ਕਟਾਈ ਘਟੇਗੀ ਅਤੇ ਵਾਤਾਵਰਨ ਦੀ ਸੰਭਾਲ ਹੋ ਸਕੇਗੀ ਕਿਉਂਕਿ ਕਾਗਜ਼ ਤਿਆਰ ਕਰਨ ਲਈ ਉਦੋਂ ਲੁਗਦੀ ਕੇਵਲ ਦਰੱਖ਼ਤਾਂ ਤੋਂ ਹੀ ਮਿਲਦੀ ਸੀ। ਕਾਗਜ਼ ਤਿਆਰ ਕਰਨ ਵਾਲੇ ਉਦਯੋਗ ਮੁੱਢੋਂ ਹੀ ਜਲ-ਪ੍ਰਦੂਸ਼ਣ ਕਰਦੇ ਰਹੇ ਹਨ। ਇਸ ਲਈ ਲਿਫ਼ਾਫ਼ਿਆਂ ਦੇ ਨਿਰਮਾਣ ਲਈ ਪੋਲੀਥੀਨ ਦੇ ਆਉਣ ਨਾਲ ਉਦੋਂ ਦੇ ਵਾਤਾਵਰਨ ਪ੍ਰੇਮੀਆਂ ਨੂੰ ਕੁਝ ਹੌਸਲਾ ਹੋਇਆ।
ਕਿਹਾ ਜਾਂਦਾ ਹੈ ਕਿ ਹਰ ਇੱਕ ਚੀਜ਼ ਦੀ ਬਹੁਤਾਤ ਮਾੜੀ ਹੁੰਦੀ ਹੈ। ਪੋਲੀਥੀਨ ਨਾਲ ਵੀ ਅਜਿਹਾ ਹੀ ਹੋਇਆ। ਖ਼ਾਸ ਗੁਣਾਂ ਕਰਕੇ ਪੋਲੀਥੀਨ ਦੀ ਵਰਤੋਂ ਲਿਫ਼ਾਫ਼ੇ ਬਣਾਉਣ ਅਤੇ ਪਦਾਰਥਾਂ ਦੀ ਪੈਕਿੰਗ ਕਰਨ ਲਈ ਅੰਨ੍ਹੇਵਾਹ ਹੋਣ ਲੱਗ ਪਈ। ਇਸ ਕਾਰਨ ਬਹੁਤੀਆਂ ਥਾਵਾਂ ’ਤੇ ਅੱਜ ਕੋਈ ਵੀ ਦੁਕਾਨ, ਸ਼ੋਅ-ਰੂਮ ਜਾਂ ਰੇਹੜੀ ਅਜਿਹੀ ਨਹੀਂ ਲੱਭਦੀ ਜਿੱਥੋਂ ਗਾਹਕ ਨੂੰ ਪੋਲੀਥੀਨ ਦੇ ਲਿਫ਼ਾਫ਼ਿਆਂ ’ਚ ਸਾਮਾਨ ਪਾ ਕੇ ਨਾ ਦਿੱਤਾ ਜਾਵੇ। ਭਾਰਤੀ ਬਾਜ਼ਾਰਾਂ ਵਿੱਚ ਮੌਜੂਦ ਪਲਾਸਟਿਕ ਦਾ 20 ਫ਼ੀਸਦੀ ਭਾਗ ਇਹੀ ਪੋਲੀਥੀਨ ਹੋਣ ਦਾ ਅਨੁਮਾਨ ਹੈ।
ਇਸ ਚਲਨ ਦਾ ਉਹੀ ਸਿੱਟਾ ਨਿਕਲਿਆ ਜਿਸ ਦੀ ਕਿ ਅਜਿਹੀਆਂ ਸਥਿਤੀਆਂ ਵਿੱਚ ਆਸ ਕੀਤੀ ਜਾ ਸਕਦੀ ਹੈ। ਪੋਲੀਥੀਨ ਦੇ ਲਿਫ਼ਾਫ਼ੇ ਕੂੜੇ ਦੇ ਹਰ ਢੇਰ ਵਿੱਚ ਮੁਢਲੇ ਅੰਸ਼ ਦੇ ਰੂਪ ਵਿੱਚ ਦਿਸਦੇ ਹਨ। ਜੈਵ ਵਿਘਟਿਤ ਨਾ ਹੋਣ ਕਾਰਨ ਇਹ ਕਈ ਸੌ ਸਾਲਾਂ ਤਕ ਗਲਦੇ ਸੜਦੇ ਨਹੀਂ ਜਿਸ ਕਾਰਨ ਇਹ ਨਾਲੀਆਂ ਰੋਕ ਦਿੰਦੇ ਹਨ। ਸੀਵਰੇਜ ਪ੍ਰਣਾਲੀ ਲਈ ਵੱਡੀ ਰੁਕਾਵਟ ਬਣਦੇ ਹਨ ਤੇ ਹਵਾ ਨਾਲ ਏਧਰ-ਉਧਰ ਉੱਡ ਕੇ ਗੰਦਗੀ ਫੈਲਾਉਂਦੇ ਹਨ। ਉੱਡ ਕੇ ਇਹ ਲਿਫ਼ਾਫ਼ੇ ਜਿਸ ਖੇਤ ਵਿੱਚ ਵੀ ਪੁੱਜ ਜਾਣ ਉੱਥੇ ਬੀਜਾਂ ਨੂੰ ਪੁੰਗਰਨ ਨਹੀਂ ਦਿੰਦੇ ਜਿਸ ਨਾਲ ਖੇਤੀ ਦੀ ਪੈਦਾਵਾਰ ਸਮਰੱਥਾ ’ਤੇ ਮਾੜਾ ਅਸਰ ਪੈਂਦਾ ਹੈ।
ਅਕਸਰ ਹੀ ਲੋਕ ਸਬਜ਼ੀਆਂ ਦੇ ਛਿਲਕੇ, ਗੁਠਲੀਆਂ ਖ਼ਰਾਬ ਫਲ ਆਦਿ ਪੋਲੀਥੀਨ ਦੇ ਲਿਫ਼ਾਫ਼ਿਆਂ ਵਿੱਚ ਪਾ ਕੇ ਕੂੜੇ ਵਿੱਚ ਸੁੱਟ ਦਿੰਦੇ ਹਨ। ਭੁੱਖੇ ਜਾਨਵਰ ਜਿਵੇਂ ਕਿ ਅਵਾਰਾ ਗਊਆਂ ਇਹ ਫਲ ਆਦਿ ਖਾਣ ਲੱਗਿਆਂ ਲਿਫ਼ਾਫ਼ੇ ਵੀ ਨਾਲ ਹੀ ਖਾ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਆਂਦਰਾਂ ਰੁਕ ਜਾਂਦੀਆਂ ਹਨ ਅਤੇ ਬੇਚਾਰੇ ਨਿਰਦੋਸ਼ ਜਾਨਵਰ ਸਾਡੀ ਗ਼ਲਤੀ ਕਾਰਨ ਦਰਦਨਾਕ ਮੌਤ ਮਰਦੇ ਹਨ।
ਪੋਲੀਥੀਨ ਤੋਂ ਬਣੇ ਲਿਫ਼ਾਫ਼ਿਆਂ ਦੇ ਇਨ੍ਹਾਂ ਨੁਕਸਾਨਾਂ ਦੇ ਮੱਦੇਨਜ਼ਰ ਸਰਕਾਰੀ ਪੱਧਰ ’ਤੇ ਕਈ ਉਪਰਾਲੇ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ। ਸਤੰਬਰ 2000 ਤੋਂ ਭਾਰਤੀ ਤਿੱਬਤ ਸੀਮਾ ਪੁਲੀਸ ਦੀਆਂ ਕੰਟੀਨਾਂ ਵਿੱਚ ਪੋਲੀਥੀਨ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਬੰਦ ਕਰ ਦਿੱਤੀ ਗਈ। ਚੰਬਾ ਦੇ ਮੌਕੇ ਦੇ ਡਿਪਟੀ ਕਮਿਸ਼ਨਰ ਆਰ.ਡੀ. ਨਦੀਮ ਦੇ ਯਤਨਾਂ ਸਦਕਾ ਸਾਲ 2001 ਦਾ ਇਤਿਹਾਸਕ ਮਿੰਜਰ ਮੇਲਾ ਪੋਲੀਥੀਨ ਤੋਂ ਮੁਕਤ ਰੱਖਿਆ ਗਿਆ। ਮਈ 2003 ਵਿੱਚ ਚੰਡੀਗੜ੍ਹ ਨਗਰ ਪਰਿਸ਼ਦ ਦੇ ਇੱਕ ਸੈਸ਼ਨ ਵਿੱਚ ਪੋਲੀਥੀਨ ਲਿਫ਼ਾਫ਼ਿਆਂ ਕਾਰਨ ਹੋਣ ਵਾਲੀਆਂ ਗਊਆਂ ਦੀਆਂ ਮੌਤਾਂ ਦਾ ਮੁੱਦਾ ਉੱਠਿਆ ਸੀ।
ਸਾਲ 2004 ਦੌਰਾਨ ਵਿਸ਼ਵ ਵਾਤਾਵਰਨ ਦਿਵਸ (5 ਜੂਨ) ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਰਾਹੀਂ ਹਿਮਾਚਲ ਪ੍ਰਦੇਸ਼ ਦੇ ਸਾਰੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 70 ਮਾਇਕ੍ਰੋਨ ਤੋਂ ਘੱਟ ਮੋਟਾਈ ਵਾਲੇ ਪੋਲੀਥੀਨ-ਲਿਫ਼ਾਫ਼ਿਆਂ ਦੀ ਵਰਤੋਂ ’ਤੇ ਰੋਕ ਲਗਾਈ ਗਈ। ਅਜਿਹਾ ਕਰਨ ਵਾਲਾ ਹਿਮਾਚਲ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਸੀ। ਪਹਿਲੇ ਕਾਨੂੰਨ ਮੁਤਾਬਕ 20 ਮਾਇਕ੍ਰੋਨ ਤੋਂ ਘੱਟ ਮੋਟਾਈ ਵਾਲੇ ਰੰਗਦਾਰ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ ’ਤੇ ਪਾਬੰਦੀ ਸੀ। ਇਹ ਪਾਬੰਦੀ ਵੀ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਕੇਵਲ ਮਨਾਲੀ ਅਤੇ ਸ਼ਿਮਲਾ ’ਚ ਹੀ ਲਾਗੂ ਸੀ।
ਹੁਣ ਪੂਰੇ ਦੇਸ਼ ਵਿੱਚ ਅਜਿਹੇ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਦੀ ਮਨਾਹੀ ਹੈ ਜਿਨ੍ਹਾਂ ਦੀ ਮੋਟਾਈ 20 ਮਾਇਕ੍ਰੋਨ ਤੋਂ ਘੱਟ ਹੋਵੇ ਕਿਉਂਕਿ ਜ਼ਿਆਦਾ ਪਤਲੇ ਲਿਫ਼ਾਫ਼ਿਆਂ ਨੂੰ ਕਬਾੜ ਵਾਲੇ ਨਹੀਂ ਖਰੀਦਦੇ ਅਤੇ ਇਹ ਲਿਫ਼ਾਫ਼ੇ ਮੁਸੀਬਤ ਬਣ ਜਾਂਦੇ ਹਨ।
ਅਗਸਤ 2005 ਵਿੱਚ ਹੋਈ ਭਾਰੀ ਵਰਖਾ ਮਗਰੋਂ ਮੁੰਬਈ ਵਿੱਚ ਜਲ-ਥਲ ਇੱਕ ਹੋ ਗਿਆ ਜਿਸ ਕਾਰਨ ਕੁਝ ਦਿਨਾਂ ਵਿੱਚ ਹੀ 4,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਦੱਸਿਆ ਗਿਆ ਕਿ ਸ਼ਹਿਰ ਦੀ ਜਲ ਨਿਕਾਸੀ ਪ੍ਰਣਾਲੀ ਵਿੱਚ ਪੋਲੀਥੀਨ ਲਿਫ਼ਾਫ਼ਿਆਂ ਦੇ ਫਸ ਜਾਣ ਕਾਰਨ ਅਜਿਹਾ ਹੋਇਆ। ਇਸ ਘਟਨਾ ਪਿੱਛੋਂ ਮਹਾਰਾਸ਼ਟਰ ਸਰਕਾਰ ਨੇ ਪੂਰੇ ਰਾਜ ਵਿੱਚ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ’ਤੇ ਪਾਬੰਦੀ ਲਾਉਣ ਦਾ ਮਨ ਬਣਾਇਆ। ਇਸ ਪ੍ਰਸਤਾਵਿਤ ਕਾਨੂੰਨ ਵਿੱਚ ਇਹ ਧਾਰਾ ਵੀ ਰੱਖੀ ਜਾਣੀ ਸੀ ਕਿ ਜਿਹੜੇ ਸਰਕਾਰੀ ਕਰਮਚਾਰੀ ਪੋਲੀਥੀਨ ਦੇ ਲਿਫ਼ਾਫ਼ੇ ਵਰਤਣਗੇ ਉਨ੍ਹਾਂ ਦੀਆਂ ਤਰੱਕੀਆਂ ਬੰਦ ਕਰ ਦਿੱਤੀਆਂ ਜਾਣਗੀਆਂ।
ਸੁਭਾਵਿਕ ਹੀ ਹੈ ਕਿ ਜਦੋਂ ਵੀ ਅਜਿਹੇ ਲੋਕ ਹਿਤੂ ਫੈਸਲੇ ਲਏ ਜਾਂਦੇ ਹਨ, ਪੋਲੀਥੀਨ ਲਿਫ਼ਾਫ਼ਿਆਂ ਦੇ ਉਤਪਾਦਕ ਰੌਲਾ ਪਾਉਣ ਲੱਗ ਪੈਂਦੇ ਹਨ ਅਤੇ ਆਪਣੀਆਂ ਫੈਕਟਰੀਆਂ ਨੂੰ ਚਲਦਾ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਅੰਕੜੇ ਅਤੇ ਬਹਾਨੇ ਪੇਸ਼ ਕਰਦੇ ਹਨ।
ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ ’ਤੇ ਲੱਗੀ ਪਾਬੰਦੀ ਲਾਗੂ ਕਰਵਾਉਣ ’ਚ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਜਦ ਤਕ ਕਾਨੂੰਨੀ ਪਾਬੰਦੀ ਲਾਗੂ ਨਹੀਂ ਹੋ ਜਾਂਦੀ ਤਦ ਤਕ ਸਾਨੂੰ  ਚਾਹੀਦਾ ਹੈ ਕਿ ਬਾਜ਼ਾਰ ਤੋਂ ਸਾਮਾਨ ਖਰੀਦਣ ਲੱਗਿਆਂ ਕੱਪੜੇ ਦੇ ਥੈਲੇ ਵਰਤੀਏ ਨਾ ਕਿ ਪੋਲੀਥੀਨ ਦੇ ਲਿਫ਼ਾਫ਼ੇ। ਜੇ ਲਿਫ਼ਾਫ਼ੇ ਲੈਣਾ ਜ਼ਰੂਰੀ ਹੋ ਜਾਵੇ ਤਾਂ ਇਨ੍ਹਾਂ ਲਿਫ਼ਾਫ਼ਿਆਂ ਨੂੰ ਸਾਂਭ ਕੇ ਰੱਖਿਆ ਜਾਵੇ ਅਤੇ ਬੂਹੇ ’ਤੇ ਸਬਜ਼ੀ ਵੇਚਣ ਆਏ ਰੇਹੜੀ ਵਾਲੇ ਨੂੰ ਇਹ       ਲਿਫ਼ਾਫ਼ੇ ਦੇ ਦਿੱਤੇ ਜਾਣ ਅਤੇ ਜਾਂ ਫਿਰ ਇਕੱਠੇ ਕਰਕੇ ਕਬਾੜੀਏ ਨੂੰ ਵੇਚ ਦਿੱਤੇ ਜਾਣ।
ਖਾਣ-ਪੀਣ ਦੀਆਂ ਬਿਨਾਂ ਛਿਲਕੇ ਵਾਲੀਆਂ ਵਸਤਾਂ ਖ਼ਾਸ ਤੌਰ ’ਤੇ ਅਚਾਰ, ਦਹੀਂ, ਪਨੀਰ, ਮੁਰੱਬੇ, ਮਠਿਆਈਆਂ ਤਾਂ ਬਿਲਕੁਲ ਵੀ ਪੋਲੀਥੀਨ ਦੇ ਲਿਫ਼ਾਫ਼ਿਆਂ ਵਿੱਚ ਨਹੀਂ ਪਾਉਣੇ ਚਾਹੀਦੇ। ਇਹ ਭੋਜਨ ਪਦਾਰਥ ਪੋਲੀਥੀਨ ਦੇ ਕਣਾਂ ਨੂੰ ਆਪਣੇ ਵਿੱਚ ਖਿੱਚ ਲੈਂਦੇ    ਹਨ ਜਿਸ ਨਾਲ ਕੈਂਸਰ ਦਾ ਖ਼ਤਰਾ ਰਹਿੰਦਾ ਹੈ। ਰੰਗਦਾਰ    ਪੋਲੀਥੀਨ ਲਿਫ਼ਾਫ਼ਿਆਂ ਨਾਲ ਤਾਂ ਇਹ ਖ਼ਤਰਾ ਕਈ ਗੁਣਾਂ ਵਧ ਜਾਂਦਾ ਹੈ। ਆਓ! ਆਪਾਂ ਸਾਰੇ ਇਹ ਵਾਅਦਾ ਕਰੀਏ ਕਿ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ ਘੱਟ ਤੋਂ ਘੱਟ ਕਰਾਂਗੇ ਤਾਂ ਹੀ ਅਸੀਂ ਸਿਹਤਮੰਦ ਰਹਿ ਸਕਾਂਗੇ ਅਤੇ ਸਿਹਤਮੰਦ ਵਾਤਾਵਰਨ ਸਿਰਜ ਸਕਾਂਗੇ। ਯਾਦ ਰੱਖੋ, ਸਵਾਮੀ ਵਿਵੇਕਾਨੰਦ ਨੇ ਕਿਹਾ ਸੀ,       ‘‘ਸਮਾਜ ਮਾੜੇ ਲੋਕਾਂ ਦੇ ਕੰਮ ਕਰਨ ਨਾਲ ਨਹੀਂ ਸਗੋਂ ਚੰਗੇ ਲੋਕਾਂ ਦੇ ਕੰਮ ਨਾ ਕਰਨ ਨਾਲ ਨਸ਼ਟ ਹੁੰਦੇ ਹਨ।’’

No comments:

Post a Comment