ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਜਿੱਤ ਕੇ ਕੌਮ ਦਾ ਨਾਂ ਉੱਚਾ ਕਰਨ ਵਾਲੀਆਂ ਦੋ ਅਥਲੈਟਿਕ ਖਿਡਾਰਨਾਂ ਸਮੇਤ 7 ਖਿਡਾਰੀਆਂ ਦੇ ਡੋਪ ਟੈਸਟ ਵਿੱਚ ਦੋਸ਼ੀ ਸਾਬਤ ਹੋਣ ਨਾਲ ਭਾਰਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਇਹ ਉਸ ਵੇਲੇ ਵਾਪਰਿਆ ਹੈ ਜਦੋਂ ਕੌਮੀ ਪੱਧਰ ’ਤੇ ਖਿਡਾਰੀ ਲੰਡਨ ਦੀਆਂ ਖੇਡਾਂ ਦੀ ਤਿਆਰੀ ਵਿੱਚ ਜੁੱਟੇ ਹੋਏ ਹਨ। ਇਸ ਵਰਤਾਰੇ ਦੇ ਨਾਲ ਨਿਸ਼ਚਿਤ ਤੌਰ ’ਤੇ ਖਿਡਾਰੀਆਂ ਨੂੰ ਝਟਕਾ ਲੱਗਿਆ ਹੈ ਅਤੇ ਨਾਲ ਹੀ ਦੇਸ਼ ਦੀਆਂ ਖੇਡ ਸੰਸਥਾਵਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। ਬੇਸ਼ੱਕ ਇਨ੍ਹਾਂ ਖਿਡਾਰੀਆਂ ਵੱਲੋਂ ਅਗਲੇ ਡੋਪ ਟੈਸਟ ਦਾ ਸਾਹਮਣਾ ਕਰਨਾ ਹੈ ਪਰ ਪਹਿਲੇ ਇਮਤਿਹਾਨ ਵਿੱਚ ਫੇਲ੍ਹ ਹੋਣ ਨਾਲ ਖੇਡਾਂ ਦੇ ਸਮੁੱਚੇ ਪ੍ਰਬੰਧਾਂ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਸਭ ਤੋਂ ਵਧੇਰੇ ਅਥਲੈਟਿਕਸ ਖਿਡਾਰੀਆਂ ਦੇ ਡੋਪ ਦੋਸ਼ੀ ਪਾਏ ਜਾਣ ਨਾਲ ਭਾਰਤ ਦੀ ਅਥਲੈਟਿਕਸ ’ਤੇ ਹੀ ਇਸ ਦਾ ਪ੍ਰਛਾਵਾਂ ਪੈ ਗਿਆ ਹੈ। ਅੰਤਰਰਾਸ਼ਟਰੀ ਪੱਧਰ ਦੀਆਂ ਦੋ ਖਿਡਾਰਨਾਂ ਦੇ ਨਾਂ ਇਸ ਮਾਮਲੇ ਵਿੱਚ ਸ਼ਾਮਲ ਹੋਣ ਨਾਲ ਸਥਿਤੀ ਦੀ ਗੰਭੀਰਤਾ ਹੋਰ ਵੀ ਵਧ ਗਈ ਹੈ। ਬੇਸ਼ੱਕ ਖਿਡਾਰੀ ਕੌਮੀ ਸਰਮਾਇਆ ਹੁੰਦੇ ਹਨ ਪਰ ਪੰਜਾਬ ਦੀ ਖਿਡਾਰਨ ਮਨਜੀਤ ਕੌਰ ਦੇ ਇਸ ਕੇਸ ਵਿੱਚ ਸ਼ਾਮਲ ਹੋਣ ਨਾਲ ਡੋਪ ਟੈਸਟ ਦਾ ਸੇਕ ਪੰਜਾਬ ਤੱਕ ਪੁੱਜ ਗਿਆ ਹੈ।
ਦੇਸ਼ ਦੇ ਅਥਲੀਟਾਂ ਵੱਲੋਂ ਲਗਾਤਾਰ ਡੋਪ ਦੀ ਮਾਰ ਹੇਠ ਆਉਣ ਨਾਲ ਜਿੱਥੇ ਕੌਮੀ ਪੱਧਰ ’ਤੇ ਖੇਡ ਖੇਤਰ ਹਿੱਲ ਗਿਆ ਹੈ, ਉੱਥੇ ਚੋਟੀ ਦੇ ਖਿਡਾਰੀਆਂ ਦਾ ਕਰੀਅਰ ਦਾਅ ’ਤੇ ਲੱਗ ਗਿਆ ਹੈ। ਇਨ੍ਹਾਂ ਵਿੱਚੋਂ ਅਥਲੀਟ ਮਨਦੀਪ ਕੌਰ ਦੀ ਛੇ ਖਿਡਾਰਨਾਂ ਵਾਲੀ ਰਿਲੇਅ ਟੀਮ ਨੇ ਅਕਤੂਬਰ 2010 ਵਿੱਚ ਆਪਣੀ ਹੀ ਧਰਤੀ ਦਿੱਲੀ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਚੰਗਾ ਨਾਮਣਾ ਖੱਟਿਆ ਸੀ। ਇਸੇ ਤਰ੍ਹਾਂ ਦਸੰਬਰ ਵਿੱਚ ਗੁਆਂਗਜ਼ੂ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤ ਕੇ ਭੱਲ ਖੱਟੀ ਸੀ। ਵੱਡੀ ਗੱਲ ਤਾਂ ਇਹ ਸੀ ਕਿ ਉੱਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ 58 ਸਾਲ ਦੇ ਫ਼ਰਕ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਦੋ ਸੋਨ ਤਗ਼ਮੇ ਜਿੱਤੇ ਸਨ। ਟੀਮਾਂ ਦੇ ਖਿਡਾਰੀ ਤਾਂ ਬਦਲਦੇ ਰਹਿੰਦੇ ਹਨ ਪਰ ਪਿਛਲੇ ਦੋ ਦਹਾਕਿਆਂ ਵਿੱਚ ਰਿਲੇਅ ਟੀਮ 4×400 ਮੀਟਰ ਦੌੜ ਲਈ ਵੱਖਰੀ ਪਛਾਣ ਬਣਾ ਗਈ ਸੀ। ਸਾਲ 2002 ਬੁਸਾਨ, 2006 ਦੋਹਾ ਅਤੇ 2010 ਗੁਆਂਗਜ਼ੂ ਖੇਡਾਂ ਵਿੱਚ ਮਹਿਲਾ ਰਿਲੇਅ ਟੀਮ ਦੀਆਂ ਪੁੱਟੀਆਂ ਧੂੜਾਂ ਡੋਪ ਟੈਸਟ ਨੇ ਰੋਲ ਕੇ ਰੱਖ ਦਿੱਤੀਆਂ ਹਨ। ਮਨਦੀਪ ਕੌਰ ਦੇ ਨਾਂ ਦਾ ਝਟਕਾ ਅਜੇ ਖੇਡ ਜਗਤ ਤੋਂ ਬਰਦਾਸ਼ਤ ਨਹੀਂ ਹੋਇਆ ਸੀ ਕਿ ਨਾਡਾ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਵੱਲੋਂ ਕਰਵਾਏ ਡੋਪ ਟੈਸਟ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਅਥਲੀਟ ਸਿਨੀ ਜੋਸ ਅਤੇ ਪੰਜ ਹੋਰ ਖਿਡਾਰੀਆਂ ਦਾ ਨਾਂ ਆ ਗਿਆ। ਪੰਜਾਬ ਦੀ ਖਿਡਾਰਨ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ’ਤੇ ਡੋਪ ਟੈਸਟ ਪਾਜ਼ਿਟਿਵ ਹੋਣ ਦਾ ਦੋਸ਼ ਗਲ਼ਤ ਹੈ। ਉਸ ਵੱਲੋਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਅਗਲੇ ਟੈਸਟ ਲਈ ਪੇਸ਼ਕਸ਼ ਕੀਤੀ ਗਈ ਹੈ। ਤਰਨਤਾਰਨ ਦੀ ਜੰਮਪਲ ਇਸ ਅਥਲੀਟ ਦੇ ਮਾਪੇ ਵੀ ਪ੍ਰੇਸ਼ਾਨ ਹਨ। ਇਸ ਤੋਂ ਪਹਿਲਾਂ ਸੁਨਾਮ ਦੀ ਕੌਮੀ ਪੱਧਰ ਦੀ ਅਥਲੀਟ ਸੁਨੀਤਾ ਰਾਣੀ ਵੀ ਡੋਪ ਟੈਸਟ ਦੇ ਪਹਿਲੇ ਗੇੜ ਵਿੱਚ ਦੋਸ਼ੀ ਪਾਈ ਗਈ ਸੀ। ਉਸ ਵੱਲੋਂ ਸੋਨੇ ਅਤੇ ਕਾਂਸੀ ਦੇ ਜਿੱਤੇ ਦੋ ਤਗ਼ਮੇ ਵੀ ਵਾਪਸ ਲੈ ਲਏ। ਉਸ ਵੇਲੇ ਦੇ ਕੇਂਦਰੀ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਖੇਡ ਜਥੇਬੰਦੀਆਂ ਨੇ ਉਸ ਦੇ ਹੱਕ ਵਿੱਚ ਇਨਸਾਫ਼ ਲਈ ਆਵਾਜ਼ ਉਠਾਈ ਸੀ। ਬਾਅਦ ਵਿੱਚ ਉਹ ਬੇਕਸੂਰ ਸਾਬਤ ਹੋ ਗਈ ਤਾਂ ਉਸ ਨੂੰ ਤਗ਼ਮੇ ਵਾਪਸ ਮਿਲ ਗਏ।
ਬੇਸ਼ੱਕ ਨਾਡਾ ਵੱਲੋਂ ਖਿਡਾਰੀਆਂ ਦੇ ਡੋਪ ਟੈਸਟ ਲੈਣ ਨਾਲ ਇਹ ਤਾਂ ਪਤਾ ਲੱਗਦਾ ਹੈ ਕਿ ਇਸ ਏਜੰਸੀ ਦੀ ਚੌਕਸੀ ਲਾਜ਼ਮੀ ਤੌਰ ’ਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਭਾਰਤ ਨੂੰ ਖਿਡਾਰੀਆਂ ਦੇ ਇਸ ਤਰ੍ਹਾਂ ਦੇ ਕਾਰੇ ਦੀ ਨਮੋਸ਼ੀ ਤੋਂ ਬਚਾਉਣ ਲਈ ਮਦਦਗਾਰ ਹੋਵੇਗੀ ਪਰ ਇਸ ਨਾਲ ਇਹ ਪਤਾ ਲੱਗਦਾ ਹੈ ਕਿ ਖਿਡਾਰੀਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਪੰਜਾਬ ਵੱਲੋਂ ਕਰਵਾਏ ਵਿਸ਼ਵ ਕਬੱਡੀ ਕੱਪ ਮੌਕੇ ਹੋਏ ਡੋਪ ਟੈਸਟ ਵਿੱਚ ਕਈ ਖਿਡਾਰੀ ਕੁੜਿੱਕੀ ਵਿੱਚ ਫਸ ਗਏ ਸਨ। ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿੱਚ ਇਹ ਟੈਸਟ ਤਾਂ ਖਿਡਾਰੀਆਂ ਨੂੰ ਮਾੜੇ ਰੁਝਾਨ ਤੋਂ ਰੋਕਣ ਦਾ ਠੋਸ ਕਦਮ ਹੈ ਪਰ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਥਾਂ-ਥਾਂ ਲੱਗਦੇ ਪੇਂਡੂ ਖੇਡ ਮੇਲਿਆਂ ਵਿੱਚ ਵੀ ਖਿਡਾਰੀਆਂ ’ਤੇ ਡੋਪ ਟੈਸਟ ਜਿਹਾ ਅਨੁਸ਼ਾਸਨ ਲਿਆਉਣ ਦੀ ਜ਼ਰੂਰਤ ਹੈ। ਇਸ ਨਾਲ ਹੇਠਲੀ ਪੱਧਰ ’ਤੇ ਖਿਡਾਰੀਆਂ ਦੀ ਬਿਹਤਰ ਪਨੀਰੀ ਤਿਆਰ ਕਰਨ ਵਿੱਚ ਮਦਦ ਮਿਲੇਗੀ ਅਤੇ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਏਗੀ। ਇਸ ਤੋਂ ਇਲਾਵਾ ਕੌਮੀ ਪੱਧਰ ’ਤੇ ਅਜਿਹੀਆਂ ਲੈਬਾਂ ਵਧੇਰੇ ਗਿਣਤੀ ਵਿੱਚ ਸਥਾਪਤ ਕੀਤੀਆਂ ਜਾਣ ਜਿਨ੍ਹਾਂ ਦੀ ਮਦਦ ਨਾਲ ਖਿਡਾਰੀਆਂ ਵੱਲੋਂ ਨਸ਼ੀਲੇ ਤੱਤਾਂ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਖਿਡਾਰੀ ਤਾਕਤ-ਵਧਾਊ ਦਵਾਈਆਂ ਤਾਂ ਲੈ ਸਕਦੇ ਹਨ ਪਰ ਪਾਬੰਦੀਸ਼ੁਦਾ ਦਵਾਈਆਂ ਦੀ ਮਨਾਹੀ ਹੈ।ਇਸ ਨਾਲ ਮੈਡੀਕਲ ਅਧਿਕਾਰੀਆਂ ਅਤੇ ਕੋਚਾਂ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ। ਜਦੋਂ ਕਿਸੇ ਚੋਟੀ ਦੇ ਖਿਡਾਰੀ ਦਾ ਡੋਪ ਟੈਸਟ ਫੇਲ੍ਹ ਹੁੰਦਾ ਹੈ ਤਾਂ ਇਹ ਇਕੱਲੇ ਖਿਡਾਰੀ ਨਹੀਂ ਸਗੋਂ ਖੇਡਾਂ ਨਾਲ ਜੁੜੇ ਸਮੁੱਚੇ ਪ੍ਰਬੰਧ ’ਤੇ ਹੀ ਉਂਗਲ ਉੱਠਦੀ ਹੈ। ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਛਾਣ-ਬੀਣ ਕਰਕੇ ਕਾਰਨਾਂ ਦਾ ਪਤਾ ਲਾਉਣ ਦੀ ਲੋੜ ਹੈ ਤਾਂ ਜੋ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਐਮ.ਐਲ.ਡੋਗਰਾ ਨੂੰ ਭਵਿੱਖ ਵਿੱਚ ਦੇਸ਼ ਸਾਹਮਣੇ ਸ਼ਰਮਸ਼ਾਰ ਨਾ ਹੋਣਾ ਪਵੇ।
No comments:
Post a Comment