ਦੇਸ਼ ਅੰਦਰ ਇਸ ਸਮੇਂ ਇਕ ਨਵ-ਇਨਕਲਾਬ ਦਾ ਪਰਚਮ ਬੜੀ ਤੇਜ਼ੀ ਨਾਲ ਲੋਕ ਜਾਗਰੂਕਤਾ ਬਲਬੂਤੇ ਬੁਲੰਦ ਹੋ ਰਿਹਾ ਹੈ। ਦੇਸ਼ ਦੇ 57 ਫੀਸਦੀ ਨੌਜਵਾਨ ਅਤੇ 25 ਫੀਸਦੀ ਪ੍ਰੌਢ ਲੋਕ ਹੀ ਨਹੀਂ ਬਲਕਿ ਵਿਦਿਆਰਥੀ, ਕਰਮਚਾਰੀ ਅਤੇ ਕਾਮੇ ਸੱਤਾ ‘ਤੇ ਕਾਬਜ਼ ਸਰਕਾਰਾਂ ਤੋਂ ਤੁਰੰਤ ਪ੍ਰਸ਼ਾਸਨਿਕ, ਵਿਧਾਨਿਕ ਅਤੇ ਕਾਰਜਕਾਰੀ ਵਿਵਸਥਾ ਅੰਦਰ ਪਾਰਦਰਸ਼ਤਾ ਅਤੇ ਜਵਾਬਦੇਹੀ ਸੁਨਿਸ਼ਚਤ ਕਰਨ ਦੀ ਮੰਗ ਕਰ ਰਹੇ ਹਨ। ਇਹ ਮੰਗ ਦੇਸ਼ ਦੇ ਹਰ ਕੋਨੇ ਵਿਚੋਂ ਉੱਠ ਰਹੀ ਹੈ। ਉੱਥੇ ਰਾਜ ਭਾਵੇਂ ਕਿਸੇ ਵੀ ਪਾਰਟੀ ਜਾਂ ਗਠਜੋੜ ਦਾ ਹੋਵੇ।
ਦਰਅਸਲ ਭਾਰਤ ਦੇ ਲੋਕ ਪਿਛਲੇ 64 ਸਾਲਾਂ ਤੋਂ ਰਾਜਨੀਤਕ ਪਾਰਟੀਆਂ, ਅਤੇ ਸਰਕਾਰਾਂ ਦੇ ਲਾਰਿਆਂ, ਲੋਕ-ਲੁਭਾਊ ਨਾਅਰਿਆਂ, ਰਾਜਨੀਤਕ ਅਪਰਾਧੀਕਰਨ, ਭ੍ਰਿਸ਼ਟਾਚਾਰ, ਵੰਸ਼ਵਾਦੀ ਵਰਤਾਰੇ, ਝੂਠ ਨਾਲ ਚਲਾਈ ਜਾ ਰਹੀ ਰਾਜਨੀਤੀ, ਵਿਦੇਸ਼ ਨੀਤੀ ਅਤੇ ਅਰਥ-ਨੀਤੀ ਤੋਂ ਤੰਗ ਆ ਚੁੱਕੇ ਹਨ। ਲੇਕਿਨ ਰਾਜਨੀਤਕ ਆਗੂ ਅਤੇ ਉੱਚ ਅਫਸਰ ਆਪਣੀਆਂ ਰਾਜਨੀਤਕ ਚਾਲਬਾਜ਼ੀਆਂ ਨਾਲ ਲੋਕਾਂ ਨੂੰ ਇਕਜੁੱਟ ਨਹੀਂ ਹੋਣ ਦੇ ਰਹੇ ਹਨ। ਦੇਸ਼ ਅੰਦਰ ਅੱਜ ਐਸੀ ਕੋਈ ਵੀ ਰਾਜਨੀਤਕ ਪਾਰਟੀ ਮੌਜੂਦ ਨਹੀਂ ਜੋ ਐਸੇ ਨੇਤਾ ਅਤੇ ਕਾਡਰ ਰੱਖਦੀ ਹੋਵੇ, ਜੋ ਦੇਸ਼ ਭਗਤੀ, ਜਨਤਕ ਸੇਵਾ, ਕਾਨੂੰਨ ਦੇ ਰਾਜ ਤੇ ਤਿਆਗ ਭਾਵਨਾ ਨਾਲ ਲੋਕਾਂ ਨੂੰ ਪਾਰਦਰਸ਼ੀ, ਭ੍ਰਿਸ਼ਟਾਚਾਰ-ਵੰਸ਼ਵਾਦ ਤੇ ਅਪਰਾਧ ਰਹਿਤ ਰਾਜ ਦੇਣ ਦਾ ਅਮਲੀ ਸੰਕਲਪ ਰੱਖਦੀ ਹੋਵੇ।
ਚੋਣ ਪ੍ਰਕਿਰਿਆ ਵੇਲੇ ਉਮੀਦਵਾਰ ਲੋਕਾਂ ਨੂੰ ਪਿੰਡ, ਸ਼ਹਿਰ, ਕਾਰਪੋਰੇਸ਼ਨ, ਰਾਜ ਅਤੇ ਦੇਸ਼ ਨੂੰ ਸਵਰਗ ਬਣਾਉਣ, ਨੌਜਵਾਨਾਂ ਦੀ ਤਕਦੀਰ ਬਦਲ ਦੇਣ, ਵਿਕਾਸ ਦੀ ਹਨੇਰੀ ਲਿਆਉਣ ਦੇ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕਰਦੇ ਹਨ। ਪਰ ਅਸਲ ਮੰਤਵ ਸੱਤਾ ਹਥਿਆਰ ਕੇ ਰਿਸ਼ਵਤਾਂ ਨਾਲ ਧਨ ਇਕੱਤਰ ਕਰਨਾ, ਅਪਰਾਧੀਆਂ ਅਤੇ ਮਾਫੀਆ ਗਰੋਹਾਂ ਨੂੰ ਛੱਤਰੀ ਪ੍ਰਦਾਨ ਕਰਨਾ ਤੇ ਪਰਿਵਾਰਵਾਦ ਮਜ਼ਬੂਤ ਕਰਨਾ ਹੁੰਦਾ ਹੈ। ਸਾਰੀਆਂ ਰਾਜਨੀਤਕ ਪਾਰਟੀ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਜਾਇਦਾਦਾਂ, ਰੁੱਤਬਿਆਂ, ਐਸ਼ੋ-ਇਸ਼ਰਤ ਵਿਚ ਹਰ ਸਾਲ ਵਾਧੇ, ਵਿਦੇਸ਼ੀ ਬੈਂਕਾਂ ਵਿਚ ਧਨ ਜਮ੍ਹਾਂ ਕਰਾਉਣ ਦਾ ਵਰਤਾਰਾ ਉਨ੍ਹਾਂ ਦੀ ਰਾਜਨੀਤੀ ਅਤੇ ਸੱਤਾ ਪ੍ਰਾਪਤੀ ਦੇ ਅਸਲ ਮੰਤਵ ਸਾਹਮਣੇ ਲਿਆਉਂਦਾ ਹੈ।
ਦੇਸ਼ ਅੰਦਰ ਸ਼ਾਸਨ ਵਿਵਸਥਾ ਚਲਾਉਣ ਵਾਲੀ ਸਮੁੱਚੀ ਮਸ਼ੀਨਰੀ ਜਿਸ ਵਿਚ ਦਰਜਾ ਚਾਰ ਤੋਂ ਮੁੱਖ ਸਕੱਤਰ ਤਕ ਅਫਸਰ ਸ਼ਾਮਲ ਹਨ, ਨੱਕੋ-ਨੱਕ ਭ੍ਰਿਸ਼ਟਾਚਾਰ ਦੀ ਸ਼ਿਕਾਰ ਹੈ। ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਨਤਾ ਕਰਕੇ ਅੱਜ ਦਰਜਾ ਚਾਰ ਮੁਲਾਜ਼ਮ ਮੁੱਖ ਮੰਤਰੀ ਅਤੇ ਸੱਤਾਧਾਰੀ ਆਗੂਆਂ ਤੱਕ ਪਹੁੰਚ ਰੱਖਦਾ ਹੈ। ਭ੍ਰਿਸ਼ਟਾਚਾਰੀ, ਸੱਤਾ ਦੇ ਦਲਾਲ ਅਤੇ ਸੱਤਾ ਤਕ ਪਹੁੰਚ ਬਣਾਉਣ ਵਾਲੇ ਰਾਜਨੀਤਕ ਆਗੂਆਂ ਅਤੇ ਅਫਸਰਾਂ ਤੋਂ ਮੰਤਰੀਆਂ ਦੀਆਂ ਕੋਠੀਆਂ ਅਤੇ ਦਫਤਰਾਂ ਵਿਚ ਦਰਜਾ ਚਾਰ ਮੁਲਾਜ਼ਮ ਰਿਸ਼ਵਤ ਸ਼ਰੇਆਮ ਲੈਂਦੇ ਵੇਖੇ ਜਾ ਸਕਦੇ ਹਨ। ਇਹੀ ਹਾਲ ਨਿਆਂਪਾਲਕਾ ਨਾਲ ਸਬੰਧਤ ਮੁਲਾਜ਼ਮਾਂ ਦਾ ਹੈ। ਸ਼ਰਮਨਾਕ ਵਰਤਾਰਾ ਹੁਣ ਸੁਰੱਖਿਆ ਬਲਾਂ ਵਿਚ ਵੀ ਘੁੱਸ ਚੁੱਕਾ ਹੈ। ਇਸ ਕਰਕੇ ਅਤਿਵਾਦੀ-ਵੱਖਵਾਦੀ ਅਨਸਰ ਨੂੰ ਨਾ ਸਿਰਫ ਦੇਸ਼ ਦੀਆਂ ਸਰਹੱਦਾਂ ਬਲਕਿ ਪਾਰਲੀਮੈਂਟ ਹਾਊਸ ਤਕ ਸੰਨ੍ਹ ਲਾਉਣ ਦਾ ਮੌਕਾ ਮਿਲ ਜਾਂਦਾ ਹੈ।
ਡਾ. ਮਨਮੋਹਨ ਸਿੰਘ ਜਿਹੇ ਕਮਜ਼ੋਰ ਪ੍ਰਸ਼ਾਸਕ ਦੀ ਅਗਵਾਈ ਵਿਚ ਚਲ ਰਹੀ ਯੂ.ਪੀ.ਏ. ਸਰਕਾਰ 76 ਲੱਖ ਕਰੋੜੀ 2 ਜੀ ਸਪੈਕਟ੍ਰਮ, ਰਾਸ਼ਟਰਮੰਡਲ ਖੇਡਾਂ ਘੁਟਾਲੇ ਅਤੇ ਕਰਨਾਟਕ ਅੰਦਰ ਭਾਜਪਾ ਦੀ ਸਰਕਾਰ ਦੇ ਖਾਣਾਂ ਸਬੰਧੀ ਘੁਟਾਲਿਆਂ ਨੇ ਜਦੋਂ ਦੇਸ਼ ਵਿਦੇਸ਼ ਵਿਚ ਭਾਰਤ ਦੀ ਸਾਖ਼ ਨੂੰ ਖੋਰਾ ਲਗਾਇਆ ਤਾਂ ਗਾਂਧੀਵਾਦੀ ਆਗੂ ਸ੍ਰੀ ਅੰਨਾ ਹਜ਼ਾਰੇ ਨੇ ਸਾਰੇ ਦੇਸ਼ ਨੂੰ ਮੌਜੂਦਾ ਹਾਕਮਾਂ ਦੀਆਂ ਕਰਤੂਤਾਂ ਤੋਂ ਜਾਣੂ ਕਰਾਉਣ ਅਤੇ ਭਵਿੱਖ ਵਿਚ ਇਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਲਗਾਮ ਦੇਣ ਦੀ ਨੀਯਤ ਨਾਲ ਲੋਕਪਾਲ ਵਿਵਸਥਾ ਲਈ ਜਨ-ਅੰਦੋਲਨ ਸ਼ੁਰੂ ਕਰ ਦਿੱਤਾ। ਇਹ ਇਸ ਲਈ ਵੀ ਜ਼ਰੂਰੀ ਸੀ ਕਿ ਡਾ. ਮਨਮੋਹਨ ਸਿੰਘ ਦੀ ਯੂ.ਪੀ.ਏ. ਸਰਕਾਰ ਮੁੱਖ ਚੌਕਸੀ ਕਮਿਸ਼ਨਰ ਦੀ ਕੁਰਸੀ ‘ਤੇ ਭ੍ਰਿਸ਼ਟ ਸ੍ਰੀ ਥਾਮਸ ਨੂੰ ਬਿਠਾਉਣ ਵਿਚ ਸਫਲ ਹੋ ਗਈ ਸੀ ਜਿਸ ਨੂੰ ਬਾਅਦ ਵਿਚ ਮਾਣਯੋਗ ਸਰਵਉੱਚ ਅਦਾਲਤ ਦੇ ਹੁਕਮਾਂ ਨਾਲ ਲਾਂਭੇ ਕਰਨਾ ਪਿਆ। ਅੰਨਾ ਹਜ਼ਾਰੇ ਦਾ ਜਨ-ਅੰਦੋਲਨ ਦੇਸ਼ ਦੀਆਂ ਤਾਕਤਵਰ ਸੰਵਿਧਾਨਕ ਸੰਸਥਾਵਾਂ ਨੂੰ ਭ੍ਰਿਸ਼ਟ ਅਤੇ ਦਾਗੀ ਅਨਸਰਾਂ ਤੋਂ ਬਚਾਉਣ ਲਈ ਅਤਿ ਜ਼ਰੂਰੀ ਸੀ।
ਸ੍ਰੀ ਅੰਨਾ ਹਜ਼ਾਰੇ ਦੇ ਅੰਦੋਲਨ ਅਤੇ ਜੰਤਰ-ਮੰਤਰ ਦਿੱਲੀ ਵਿਖੇ ਦੋ ਦਿਨਾਂ ਦੇ ਧਰਨੇ ਨਾਲ ਕੇਂਦਰ ਸਰਕਾਰ ਨੂੰ 15 ਅਗਸਤ, 2011 ਤਕ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਲੋਕਪਾਲ ਬਿੱਲ ਪਾਸ ਕਰਾਉਣ ਅਤੇ ਇਸ ਦੇ ਖਰੜੇ ਲਈ 10 ਮੈਂਬਰੀ ਕਮੇਟੀ ਗਠਨ ਕਰਨ ਦਾ ਐਲਾਨ ਕਰਨਾ ਪਿਆ। ਇਸੇ ਦੌਰਾਨ ਯੋਗ-ਗੁਰੂ ਬਾਬਾ ਰਾਮਦੇਵ ਨੇ ਇਸ ਅੰਦੋਲਨ ਵਿਚ ਸ਼ਮੂਲੀਅਤ ਰਾਹੀਂ ਇਸ ਦਾ ਸਮਰਥਨ ਕੀਤਾ। ਅੰਨਾ ਜੀ ਦੇ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਨੇ ਆਪਣੇ ਮੰਚ ‘ਤੇ ਕਿਸੇ ਰਾਜਨੀਤਕ ਆਗੂ ਨੂੰ ਫਟਕਣ ਨਹੀਂ ਦਿੱਤਾ।
ਰਾਜਨੀਤੀ ਅਤੇ ਰਾਜਨੀਤਕ ਡਿਪਲੋਮੇਸੀ ਤੋਂ ਕੋਰੇ ਬਾਬਾ ਰਾਮਦੇਵ ਨੇ ਯੋਗ ਕੈਂਪਾਂ ਰਾਹੀਂ, ਦੇਸੀ ਆਯੁਰਵੇਦ ਦਵਾਈਆਂ ਅਤੇ ਯੋਗਾ ਪ੍ਰਾਪੇਗੰਡਾ ਰਾਹੀਂ ਸਾਈਕਲ ਤੋਂ 1150 ਕਰੋੜ ਦੀ ਸਲਤਨਤ ਬਣਾ ਕੇ ਇਹ ਭਰਮ ਭੁਲੇਖਾ ਪਾਲ ਰੱਖਿਆ ਸੀ ਕਿ ਦੇਸ਼ ਦੇ ਕਰੋੜਾਂ ਲੋਕ ਉਸ ਦੇ ਨਾਲ ਹਨ। ਕਾਲਾ ਧਨ ਕਰੀਬ 400 ਲੱਖ ਕਰੋੜ ਬਾਹਰੀ ਬੈਂਕਾਂ ਵਿਚੋਂ ਦੇਸ਼ ਲਿਆਉਣ, ਭ੍ਰਿਸ਼ਟਾਚਾਰ ਰੋਕਣ ਅਤੇ ਕਿਸਾਨਾਂ ਤੋਂ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦ ਕੇ ਮਹਿੰਗੇ ਭਾਅ ਵੇਚਣ ਸਬੰਧੀ ਸਰਕਾਰਾਂ, ਅਫਸਰਸ਼ਾਹਾਂ, ਮਾਫੀਆ ਗਰੋਹਾਂ ਅਤੇ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਯੋਗ ਕੈਂਪ ਅੰਦਰ ਧੰੂਆਂਧਾਰ ਪ੍ਰਚਾਰ ਤੋਂ ਭਾਰਤੀ ਲੋਕ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਪਰ ਉਹ ਭੁੱਲ ਰਹੇ ਸਨ ਕਿ ਆਮ ਲੋਕ ਅਤੇ ਮੱਧ ਵਰਗ ਦੇ ਚੇਤਨ ਲੋਕ ਵਪਾਰੀ ਪੁਜਾਰੀਆਂ, ਬਾਣੀਆਂ ਬਿਰਤੀ ਵਾਲੇ ਜੋਗੀਆਂ ਨਾਲ ਕਦੇ ਨਹੀਂ ਖੜ੍ਹਦੇ।
ਉਸ ਨੇ ਦਿੱਲੀ ਵਿਖੇ ਰਾਮਲੀਲਾ ਮੈਦਾਨ ਵਿਚ ਯੋਗਾ-ਕੈਂਪ ਬਹਾਨੇ ਕਾਲਾ ਧਨ ਰਾਸ਼ਟਰੀ ਸੰਪਤੀ ਐਲਾਨਣ ਸਬੰਧੀ ਆਰਡੀਨੈਂਸ ਜਾਰੀ ਕਰਾਉਣ, ਕਿਸਾਨੀ ਦੇ ਹਿੱਤਾਂ ਦੀ ਰਾਖੀ ਕਰਨ, ਫਾਸਟ-ਟਰੈਕ ਅਦਾਲਤਾਂ ਦਾ ਗਠਨ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਆਦਿ ਮੰਗਾਂ ਨੂੰ ਲੈ ਕੇ ਮਰਨਵਰਤ ਰੱਖ ਦਿੱਤਾ। ਕਾਂਗਰਸ ਅਤੇ ਭਾਜਪਾ ਵਿਚ ਬਾਬਾ ਦੇ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਦੌੜ ਲਗ ਪਈ ਕਿਉਂਕਿ ਸੱਤਾਧਾਰੀ ਜਾਂ ਭਵਿੱਖ ਵਿਚ ਸੱਤਾ ‘ਤੇ ਕਾਬਜ਼ ਹੋਣ ਦੇ ਇਰਾਦਿਆਂ ਵਾਲੇ ਦਲ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਰਾਜਨੀਤਕ ਸਥਾਪਤੀ ਨੂੰ ਕਮਜ਼ੋਰ ਜਾਂ ਖ਼ਤਮ ਕਰਨ ਲਈ ਕੋਈ ਨਵੀਂ ਲੀਡਰਸ਼ਿਪ ਅੱਗੇ ਆਏ।
ਪਰ ਅੱਧੀ ਰਾਤ 4 ਜੂਨ ਨੂੰ ਰਾਮਲੀਲਾ ਮੈਦਾਨ ਵਿਚ ਹੋਈ ਕਾਰਵਾਈ ਉਸ ਤੋਂ ਵਪਾਰੀ-ਬਾਣੀਆ ਬਾਬਾ ਘਬਰਾ ਗਿਆ ਅਤੇ ਕਾਇਰ ਆਗੂ ਵਾਂਗ ਗ੍ਰਿਫਤਾਰੀ ਤੋਂ ਬਚਣ ਲਈ ਜੋਗੀ ਔਰਤਾਂ ਦੇ ਲਿਬਾਸ ਵਿਚ ਆਪਣੇ ਹਜ਼ਾਰਾਂ ਅਨੁਯਾਈ ਪੁਲੀਸ ਅਤੇ ਪ੍ਰਸ਼ਾਸਨ ਦੇ ਰਹਿਮੋਂ-ਕਰਮ ‘ਤੇ ਛੱਡ ਕੇ ਭੱਜ ਉਠਿਆ। 5-6 ਦਿਨਾਂ ਦੇ ਮਰਨਵਰਤ ਵਿਚ ਢਹਿ-ਢੇਰੀ ਹੋਇਆ।
ਬਾਬਾ ਰਾਮਦੇਵ ਦਾ ਮਿਸ਼ਨ ਫੇਲ੍ਹ ਹੋਣ ਬਾਰੇ ਪ੍ਰਪੱਕ ਜਨਤਕ ਆਗੂ ਸ੍ਰੀ ਅੰਨਾ ਹਜ਼ਾਰੇ ਨੇ ਬੇਬਾਕੀ ਨਾਲ ਕਿਹਾ ਕਿ ਬਾਬਾ ਰਾਮਦੇਵ ਕਿਸੇ ਵੀ ਅੰਦੋਲਨ ਦੀ ਅਗਵਾਈ ਕਰਨ ਦੇ ਅਜੇ ਯੋਗ ਨਹੀਂ ਹਨ। ਜਨਤਕ ਅੰਦੋਲਨਾਂ ਦੇ ਉਦੇਸ਼ ਸੱਚੇ-ਸੁੱਚੇ ਹੋਣੇ ਚਾਹੀਦੇ ਹਨ ਤਾਂ ਲੋਕ ਅਤੇ ਰਾਸ਼ਟਰ ਹਿਤੂ ਨਿਸ਼ਾਨੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਜਿਸ ਪਾਰਦਰਸ਼ੀ, ਜਨਤਕ ਹਿਤੂ, ਜਵਾਬਦੇਹ ਲੋਕਤੰਤਰ ਦੀ ਸਥਾਪਤੀ ਲਈ ਅੰਨਾ ਹਜ਼ਾਰੇ ਅਤੇ ਐਸੇ ਹੋਰ ਨਾਮੀ ਬੇਨਾਮੀ ਜਨਤਕ ਆਗੂਆਂ ਵੱਲੋਂ ਜ਼ਮੀਨ ਤਿਆਰ ਕੀਤੀ ਜਾ ਚੁੱਕੀ ਹੈ, ਇਨਕਲਾਬੀ ਤਬਦੀਲੀਆਂ ਦੀ ਹਵਾ ਰੁਮਕ ਪਈ ਹੈ, ਉਸ ਦੀ ਪੂਰਨ ਪ੍ਰਾਪਤੀ ਲਈ ਸਾਰੇ ਚੇਤੰਨ ਨਾਗਰਿਕਾਂ ਨੂੰ ਪ੍ਰਪੱਕ ਅਗਵਾਈ ਰਾਹੀਂ ਜੁਝਾਰੂ ਮਾਰਚ ਜਾਰੀ ਰੱਖਣਾ ਚਾਹੀਦਾ ਹੈ ਅਤੇ ਅਜੋਕੇ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਵਜੋਂ ਸਥਾਪਤ ਦਲਾਂ ਅਤੇ ਇਨ੍ਹਾਂ ਦੇ ਸੁਆਰਥੀ ਅਤੇ ਵੰਸ਼ਵਾਦੀ ਆਗੂਆਂ ਨੂੰ ਉਨ੍ਹਾਂ ਦੀ ਬਣਦੀ ਥਾਂ ਵਿਖਾ ਦੇਣੀ ਚਾਹੀਦੀ ਹੈ।
No comments:
Post a Comment